ਭੂਆ-ਫੁੱਫੜ ਨਾਲ 15.50 ਲੱਖ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਸਾਥੀਆਂ ਸਮੇਤ ਗ੍ਰਿਫਤਾਰ

Monday, Jun 11, 2018 - 03:12 AM (IST)

ਅੰਮ੍ਰਿਤਸਰ,   (ਅਰੁਣ)-  ਪੈਸਿਆਂ ਦੀ ਖਾਤਿਰ ਇਨਸਾਨ ਕਿਸ ਕਦਰ ਆਪਣੇ  ਕਰੀਬੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਬੈਠਦਾ ਹੈ ਕਿ ਕਿਸੇ ਵੀ ਘਿਨੌਣੇ ਜੁਰਮ ਦੀ ਦਹਿਲੀਜ਼ ’ਤੇ ਪੈਰ ਰੱਖਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਅਜਿਹਾ ਹੀ ਇਕ ਮਾਮਲਾ ਥਾਣਾ ਛੇਹਰਟਾ ਦੀ ਪੁਲਸ ਵੱਲੋਂ ਬੇਪਰਦ ਕੀਤਾ ਗਿਆ, ਜਿਸ ਵਿਚ ਪੈਸਿਆਂ ਦੀ ਖਾਤਿਰ ਆਪਣੇ ਹੀ ਭੂਆ-ਫੁੱਫਡ਼ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਤੇ ਉਸ ਦੇ ਸਾਥੀਆਂ ਨੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਾਢੇ 15 ਲੱਖ ਰੁਪਏ ਦੀ ਰਕਮ ਲੁੱਟ ਲਈ। ਪੁਲਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਤੇ ਉਸ ਦੇ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਦਿਆਂ ਲੁੱਟੀ ਰਕਮ ’ਚੋਂ 13.95 ਲੱਖ ਨਕਦ ਜੋ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਆਪਸ ਵਿਚ ਵੰਡ ਲਏ ਗਏ ਸਨ, ਤੋਂ ਇਲਾਵਾ ਵਾਰਦਾਤ ਵਿਚ ਵਰਤਿਆ ਗਿਆ ਇਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕਰਨ ਮਦਾਨ ਵਾਸੀ ਗੁ. ਸੰਨ੍ਹ ਸਾਹਿਬ ਰੋਡ ਛੇਹਰਟਾ, ਲਵਪ੍ਰੀਤ ਸਿੰਘ ਲਵ ਵਾਸੀ ਜਵਾਹਰ ਨਗਰ ਛੇਹਰਟਾ, ਲਵਕੇਸ਼ ਸ਼ਰਮਾ ਵਾਸੀ ਨਿਊ ਰਣਜੀਤਪੁਰਾ ਛੇਹਰਟਾ ਤੇ ਨਵਰੂਪ ਸਿੰਘ ਵਾਸੀ ਘਣੂਪੁਰ ਕਾਲੇ ਨੂੰ ਅਦਾਲਤ ’ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਪੁਲਸ ਪੁੱਛਗਿੱਛ ਕਰ ਰਹੀ ਹੈ। 
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਤੇ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ 4 ਜੂਨ 2018 ਨੂੰ ਕੀਤੀ ਸ਼ਿਕਾਇਤ ’ਚ ਦਿੱਲੀ ਵਾਸੀ ਰਾਜ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਭੱਲਾ ਕਾਲੋਨੀ ਛੇਹਰਟਾ ’ਚ ਖਰੀਦੇ ਇਕ ਮਕਾਨ ਦੀ ਰਜਿਸਟਰੀ ਸਬੰਧੀ ਉਹ 1 ਜੂਨ ਨੂੰ ਅੰਮ੍ਰਿਤਸਰ ਆਇਆ ਸੀ, ਰਾਤ ਉਸ ਨੂੰ ਤੇ ਉਸ ਦੀ ਪਤਨੀ ਨੂੰ ਰੇਲਵੇ ਸਟੇਸ਼ਨ ਛੱਡਣ ਲਈ ਉਸ ਦੇ ਸਾਲੇ ਆਦਰਸ਼ ਕੁਮਾਰ ਦਾ ਲਡ਼ਕਾ ਕਰਨ ਮਦਾਨ ਨਾਲ ਆਇਆ ਸੀ। ਟਿਕਟ ਨਾ ਮਿਲਣ ਕਾਰਨ ਉਹ ਵਾਪਸ ਘਰ ਨੂੰ ਆ ਰਹੇ ਸਨ ਕਿ ਰਸਤੇ ਵਿਚ ਕੁਝ ਲੁਟੇਰਿਆਂ ਨੇ 15.50 ਲੱਖ ਦੀ ਨਕਦੀ ਵਾਲਾ ਬੈਗ ਖੋਹ ਲਿਆ। ਪੁਲਸ ਨੇ ਸ਼ੱਕ ਦੀ ਸੂਈ ਕਰਨ ਮਦਾਨ ਵੱਲ ਘੁੰਮਦੀ ਦੇਖ ਕੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਰਾਜ਼ ਪੁਲਸ ਸਾਹਮਣੇ ਖੋਲ੍ਹ ਦਿੱਤਾ। 
 ਕਰਨ ਮਦਾਨ ਨੇ ਕਿਵੇਂ ਬਣਾਈ ਲੁੱਟ ਦੀ ਯੋਜਨਾ : ਦਿੱਲੀ ਵਾਸੀ ਰਾਜ ਕੁਮਾਰ ਨੇ ਪੁਲਸ ਨੂੰ ਕੀਤੇ ਖੁਲਾਸੇ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਲੀ ਸਥਿਤ ਆਪਣਾ ਇਕ ਜੱਦੀ ਮਕਾਨ 1 ਕਰੋਡ਼ 95 ਲੱਖ ਰੁਪਏ ਵਿਚ ਵੇਚਿਆ ਗਿਆ ਸੀ ਤੇ ਉਸ ਦੇ ਹਿੱਸੇ 48 ਲੱਖ ਆਏ, ਜਿਸ ’ਚੋਂ ਉਸ ਨੇ ਦਿੱਲੀ ਵਿਚ ਇਕ ਫਲੈਟ 25 ਲੱਖ ਰੁਪਏ ਦਾ ਖਰੀਦਣ ਮਗਰੋਂ ਛੇਹਰਟਾ ਭੱਲਾ ਕਾਲੋਨੀ ਅੰਮ੍ਰਿਤਸਰ ਵਿਖੇ ਇਕ ਮਕਾਨ 18 ਲੱਖ ਰੁਪਏ ਵਿਚ ਖਰੀਦਿਆ ਸੀ, ਜਿਸ ਦਾ ਬਿਆਨਾ 2 ਲੱਖ ਰੁਪਏ ਦੇਣ ਮਗਰੋਂ ਰਜਿਸਟਰੀ ਦੀ ਤਰੀਕ 25 ਜੂਨ ਮੁਕੱਰਰ ਕਰ ਲਈ ਸੀ। ਕਰਨ ਮਦਾਨ ਜੋ ਕਿ ਉਸ ਦੇ ਸਾਲੇ ਦਾ ਲਡ਼ਕਾ ਹੈ, ਨੇ ਰਜਿਸਟਰੀ ਕਰਵਾਉਣ ਲਈ 20 ਦਿਨ ਪਹਿਲਾਂ ਹੀ ਉਸ ਨੂੰ ਅੰਮ੍ਰਿਤਸਰ ਬੁਲਾ ਲਿਆ। 4 ਜੂਨ ਨੂੰ ਜ਼ਿਲਾ ਕਚਹਿਰੀ ਪੁੱਜਣ ’ਤੇ ਹਡ਼ਤਾਲ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਹਡ਼ਤਾਲ ਖੁੱਲ੍ਹਣ ’ਤੇ ਹੀ ਦੁਬਾਰਾ ਅੰਮ੍ਰਿਤਸਰ ਆਉਣ ਦਾ ਮਨ ਬਣਾਇਆ ਅਤੇ ਰਾਤ 9 ਵਜੇ ਦੇ ਕਰੀਬ ਉਹ ਰੇਲਵੇ ਸਟੇਸ਼ਨ ਲਈ ਚਲੇ ਗਏ। 
 ਮੁੱਢਲੀ ਪੁੱਛਗਿੱਛ ’ਚ ਕੀਤਾ ਕਰਨ ਮਦਾਨ ਨੇ ਖੁਲਾਸਾ : ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਕਰਨ ਮਦਾਨ ਨੇ ਮੰਨਿਆ ਕਿ ਉਸ ਦੀ ਅੱਖ ਆਪਣੇ ਭੂਆ-ਫੁੱਫਡ਼ ਦੇ ਪੈਸਿਆਂ ’ਤੇ ਸੀ, ਜਿਸ ਨੂੰ ਹਾਸਲ ਕਰਨ ਲਈ ਉਸ ਨੇ ਆਪਣੇ 3 ਹੋਰ ਸਾਥੀਆਂ ਨੂੰ ਆਪਣੇ ਮੱਕਡ਼ਜਾਲ ਵਿਚ ਸ਼ਾਮਲ ਕੀਤਾ। ਰੇਲਵੇ ਸਟੇਸ਼ਨ ਪੁੱਜਣ ’ਤੇ ਉਸ ਨੇ ਬੱਸ ਦੀ ਟਿਕਟ ਬਲੈਕ ਵਿਚ ਮਿਲਣ ਦਾ ਬਹਾਨਾ ਬਣਾ ਕੇ ਭੂਆ-ਫੁੱਫਡ਼ ਨੂੰ ਰਾਤ ਉਨ੍ਹਾਂ ਦੇ ਘਰ ਰੁਕਣ ਬਾਰੇ ਕਿਹਾ। ਵਟਸਅੈਪ ’ਤੇ ਮੈਸੇਜ ਕਰ ਕੇ ਉਸ ਨੇ ਆਪਣੇ ਸਾਥੀਆਂ ਨੂੰ ਬੁਲਾਇਆ, ਜਿਨ੍ਹਾਂ ਸੋਚੀ-ਸਮਝੀ ਸਾਜ਼ਿਸ਼ ਮੁਤਾਬਕ ਵਾਰਦਾਤ ਨੂੰ ਅੰਜਾਮ ਦਿੱਤਾ। ਇੰਸਪੈਕਟਰ ਬਹਿਲ ਨੇ ਦੱਸਿਆ ਕਿ ਲੁੱਟ ਦੀ ਰਕਮ ’ਚੋਂ ਕਰਨ ਮਦਾਨ ਕੋਲੋਂ 5 ਲੱਖ 95 ਹਜ਼ਾਰ, ਲਵਪ੍ਰੀਤ ਸਿੰਘ ਕੋਲੋਂ 2 ਲੱਖ, ਲਵਕੇਸ਼ ਸ਼ਰਮਾ ਕੋਲੋਂ 3 ਲੱਖ ਤੇ ਨਵਰੂਪ ਸਿੰਘ ਕੋਲੋਂ ਵੀ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
 


Related News