ਪੈਟਰੋਲ ਪੰਪ ''ਤੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕਰਨ ਵਾਲੇ 3 ਕਾਬੂ

Thursday, Oct 24, 2024 - 04:55 PM (IST)

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਪੈਟਰੋਲ ਪੰਪ ਤੋਂ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦੋਂ ਕਿ ਇਕ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਚੰਦਰਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਨਿਲ ਕੁਮਾਰ ਪੁੱਤਰ ਰਾਮ ਸ਼ਿਨਾਈ ਵਾਸੀ ਉੱਤਰ ਪ੍ਰਦੇਸ਼ ਹਾਲ ਅਬਾਦ ਸੇਠੀ ਫਿਊਲ ਸੈਂਟਰ ਲੱਧੂਵਾਲਾ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੇਠੀ ਫਿਊਲ ਸੈਂਟਰ ਲੱਧੂਵਾਲਾ ਉਤਾੜ 'ਤੇ ਪਿਛਲੇ 4 ਸਾਲਾਂ ਤੋਂ ਤੇਲ ਪਾਉਣ ਦਾ ਕੰਮ ਕਰਦਾ ਹੈ।

ਸ਼ਾਮ ਨੂੰ ਕਰੀਬ 7.15 ਵਜੇ ਇਕ ਵਰਨਾ ਗੱਡੀ 'ਤੇ ਸਵਾਰ 4 ਨੌਜਵਾਨ ਗੱਡੀ ਵਿੱਚ 1100 ਰੁਪਏ ਦਾ ਤੇਲ ਪਵਾ ਕੇ ਕੇ ਬਿਨਾ ਪੈਸੇ ਦਿੱਤੇ ਗੱਡੀ ਭਜਾ ਕੇ ਜਾਣ ਲੱਗੇ ਤਾਂ ਗੱਡੀ ਦੀ ਪਿਛਲੀ ਬਾਰੀ ਕੋਲ ਬੈਠੇ ਵਿਅਕਤੀ ਨੇ ਪੈਟਰੋਲ ਪੰਪ 'ਤੇ ਕੰਮ ਕਰਦੇ ਦੂਜੇ ਵਿਅਕਤੀ ਦੀ ਕਮੀਜ਼ ਦੀ ਸਾਹਮਣੇ ਵਾਲੀ ਜੇਬ ਵਿਚੋਂ ਕਰੀਬ 2200 ਰੁਪਏ ਖੋਹ ਲਏ ਤਾਂ ਉਹ ਗੱਡੀ ਦੇ ਨਾਲ ਲਮਕ ਗਿਆ ਅੱਗੇ ਮੇਨ ਸੜਕ 'ਤੇ ਵ੍ਹੀਕਲਾਂ ਦਾ ਇਕੱਠ ਹੋਣ ਕਰਕੇ ਗੱਡੀ ਰੁਕ ਗਈ ਅਤੇ ਹੋਰ ਜਨਤਾ ਇਕੱਠੀ ਹੋ ਗਈ।

ਇਸ ਤਰ੍ਹਾਂ ਇਨ੍ਹਾਂ 'ਚੋਂ ਤਿੰਨ ਦੋਸ਼ੀਆਂ ਰਮਨਦੀਪ ਸਿੰਘ ਪੁੱਤਰ ਵੀਰਪਾਲ ਸਿੰਘ, ਲਵਪ੍ਰੀਤ ਸਿੰਘ ਉਰਫ਼ ਲੱਬੀ ਪੁੱਤਰ ਰਣਜੀਤ ਸਿੰਘ, ਭੀਰੀ ਪੁੱਤਰ ਅਜੀਤ ਸਿੰਘ ਵਾਸੀ ਜਵਾਹਰੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਾਬੂ ਕਰ ਲਏ ਗਏ, ਜਦੋਂ ਕਿ ਇਕ ਦੋਸ਼ੀ ਬੱਗੀ ਪੱਤਰ ਤੇਜਾ ਸਿੰਘ ਵਾਸੀ ਜਵਾਹਰੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਭੀੜ ਦਾ ਫ਼ਾਇਦਾ ਚੁੱਕ ਕੇ ਮੌਕੇ ਤੋਂ ਭੱਜ ਗਿਆ। ਫਿਲਹਾਲ ਇਨ੍ਹਾਂ ਸਭ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
 


Babita

Content Editor

Related News