ਆਟੋ ਵਾਲੇ ਹੀ ਲੁੱਟ ਲੈਂਦੇ ਸੀ ਸਵਾਰੀਆਂ! ਹਥਿਆਰ ਦੀ ਨੋਕ ''ਤੇ ਕਰਦੇ ਸੀ ਵਾਰਦਾਤ
Monday, Nov 04, 2024 - 01:24 PM (IST)
ਲੁਧਿਆਣਾ (ਤਰੁਣ): ਰੇਲਵੇ ਸਟੇਸ਼ਨ ਦੇ ਬਾਹਰੋਂ ਸਵਾਰੀਆਂ ਚੁੱਕ ਕੇ ਰਾਹ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਆਟੋ ਗੈਂਗ ਪਰਦਾਫਾਸ਼ ਹੋਇਆ ਹੈ। ਇਸ ਗਿਰੋਹ ਵਿਚ 3 ਮੈਂਬਰ ਸਨ, ਜਿਨ੍ਹਾਂ ਵਿਚੋਂ 2 ਦੀ ਪਛਾਣ ਹੋ ਗਈ ਹੈ ਤੇ 1 ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਆਟੋ ਚਾਲਕ ਸੋਨੂੰ ਵਾਸੀ ਫ਼ੌਜੀ ਕਾਲੋਨੀ ਵਜੋਂ ਹੋਈ ਹੈ। ਉਸ ਦੇ ਸਾਥੀ ਦੀ ਪਛਾਣ ਅਰਜੁਨ ਵਾਸੀ ਮਾਇਆ ਨਗਰੀ ਪਿੰਡ ਕਾਸਾਬਾਦ ਵਜੋਂ ਹੋਈ ਹੈ ਤੇ ਉਨ੍ਹਾਂ ਦੇ ਤੀਜੇ ਸਾਥੀ ਦੀ ਪਛਾਣ ਹੋਣੀ ਅਜੇ ਬਾਕੀ ਹੈ। ਪੁਲਸ ਵੱਲੋਂ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਆਟੋ ਵੀ ਬਰਾਮਦ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਤਕਰੀਬਨ 4 ਦਿਨ ਪਹਿਲਾਂ ਸੁਨੀਲ ਕੁਮਾਰ ਆਪਣੇ ਭਰਾ ਦੇ ਨਾਲ ਮਾਮੇ ਨੂੰ ਰੇਲਵੇ ਸਟੇਸ਼ਨ 'ਤੇ ਛੱਡਣ ਗਿਆ ਸੀ। ਸੁਨੀਲ ਮਿਹਰਬਾਨ ਇਲਾਕੇ ਵਿਚ ਰਹਿੰਦਾ ਹੈ ਤੇ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਹੈ। ਉਹ ਇੱਥੇ ਫੈਕਟਰੀ ਵਿਚ ਨੌਕਰੀ ਕਰਦਾ ਹੈ। ਦੀਵਾਲੀ ਦੇ ਦਿਨ ਉਹ ਆਪਣੇ ਮਾਮੇ ਨੂੰ ਰੇਲਵੇ ਸਟੇਸ਼ਨ 'ਤੇ ਛੱਡਣ ਮਗਰੋਂ ਉਸ ਨੇ ਇਕ ਆਟੋ ਲਿਆ ਤੇ ਉਸ ਨਾਲ 200 ਰੁਪਏ ਕਿਰਾਏ ਦੀ ਗੱਲ ਕਰ ਕੇ ਆਪਣੇ ਭਰਾ ਨਾਲ ਆਟੋ ਵਿਚ ਬੈਠ ਗਿਆ। ਇੰਨੇ ਨੂੰ 2 ਹੋਰ ਲੋਕ ਆਟੋ ਵਿਚ ਆ ਕੇ ਬਹਿ ਗਏ। ਸੋਨੂੰ ਤੇਜ਼ੀ ਨਾਲ ਆਟੋ ਨੂੰ ਫਿਰੋਜ਼ਪੁਰ ਰੋਡ ਚੁੰਗੀ ਵੱਲ ਲੈ ਗਿਆ ਤੇ ਉੱਥੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ 2 ਮੋਬਾਈਲ ਅਤੇ 5 ਹਜ਼ਾਰ ਦੀ ਨਕਦੀ ਖੋਹ ਲਈ। ਪੀੜਤ ਨੇ ਘਟਨਾ ਦੀ ਸੂਚਨਾ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਨ ਮਗਰੋਂ ਪੁਲਸ ਨੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੇੜੇ ਨਾਕਾਬੰਦੀ ਕੀਤੀ। ਇਸ ਮਗਰੋਂ ਪੁਲਸ ਨੇ ਬੀਤੀ ਰਾਤ ਪੁਰਾਣੇ ਬੱਸ ਸਟੈਂਡ, ਟਾਇਰ ਮਾਰਕੀਟ ਨੇੜੇ ਆਟੋ ਚਾਲਕ ਸੋਨੂੰ ਨੂੰ ਕਾਬੂ ਕਰ ਲਿਆ। ਵਾਰਦਾਤ ਵਿਚ ਸ਼ਾਮਲ 2 ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅੱਜ ਮੁਲਜ਼ਮ ਸੋਨੂੰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਉਸ ਤੋਂ ਪੁੱਛਗਿੱਛ ਵਿਚ ਇਹ ਖ਼ੁਲਾਸਾ ਹੋਵੇਗਾ ਕਿ ਉਨ੍ਹਾਂ ਨੇ ਲੁੱਟਾਂ ਖੋਹਾਂ ਦੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8