ਅੱਧੀ ਰਾਤੀਂ 12 ਸਾਲਾ ਬੱਚੀ ਦੇ ''ਝੂਠ'' ਕਾਰਨ ਹੋਇਆ ਹਾਈ ਵੋਲਟੇਜ ਡਰਾਮਾ (ਵੀਡੀਓ)
Tuesday, Oct 22, 2024 - 02:47 PM (IST)
ਲੁਧਿਆਣਾ (ਗਣੇਸ਼): ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇਕ 12 ਸਾਲ ਬੱਚੀ ਕਾਰਨ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦੇਰ ਰਾਤ ਬੱਸ ਸਟੈਂਡ 'ਤੇ ਘੁੰਮ ਰਹੀ 12 ਸਾਲਾ ਬੱਚੀ ਨੂੰ ਜਦ ਉੱਥੇ ਆਟੋ ਚਾਲਕ ਨੇ ਵੇਖਿਆ ਤਾਂ ਉਸ ਨੇ ਪੁੱਛਿਆ ਕਿ ਬੱਚੇ ਕਿੱਥੇ ਜਾਣਾ ਹੈ। ਬੱਚੀ ਨੇ ਕਿਹਾ ਕਿ ਉਹ ਪਟਿਆਲੇ ਤੋਂ ਆਈ ਹੈ ਅਤੇ ਉਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ। ਉਸ ਨੂੰ ਜਦ ਪੁੱਛਿਆ ਗਿਆ ਉਸ ਦੇ ਨਾਲ ਕੌਣ ਹੈ ਤਾਂ ਉਸ ਨੇ ਕਿਹਾ ਕਿ ਉਸ ਦੇ ਨਾਲ ਕੋਈ ਵੀ ਨਹੀਂ ਹੈ ਉਹ ਪਟਿਆਲੇ ਆਪਣੀ ਭੂਆ ਦੇ ਘਰੋਂ ਆਈ ਹੈ ਅਤੇ ਭੂਆ ਨੇ ਬੱਸ ਚੜਾ ਦਿੱਤਾ। ਉਸ ਤੋਂ ਬਾਅਦ ਉਹ ਲੁਧਿਆਣੇ ਪਹੁੰਚੀ ਹੈ। ਜਦ ਉਸ ਨੂੰ ਪੁੱਛਿਆ ਕਿ ਉਹ ਕਿਉਂ ਆਈ ਹੈ ਤਾਂ ਉਸ ਨੇ ਕਿਹਾ ਕਿ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਭੂਆ ਉਸ ਨਾਲ ਮਾਰਕੁੱਟ ਕਰਦੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਿਸਾਨਾਂ ਦੇ ਵਿਰੋਧ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਕਦਮ
ਇਹ ਸਾਰੀ ਕਹਾਣੀ ਸੁਣ ਕੇ ਆਟੋ ਰਿਕਸ਼ਾ ਚਾਲਕ ਅਤੇ ਉਥੋਂ ਜਾਣ ਆਉਣ ਵਾਲੇ ਕੁਝ ਵਿਅਕਤੀਆਂ ਨੇ ਉਸ ਨੂੰ ਕੋਚਰ ਮਾਰਕੀਟ ਚੌਂਕੀ ਪਹੁੰਚਾਇਆ, ਜਿੱਥੇ ਪੁਲਸ ਨੇ ਸਾਰੇ ਮਾਮਲੇ ਦੀ ਤਫਦੀਸ਼ ਕੀਤੀ। ਪੁੱਛਗਿੱਛ ਦੌਰਾਨ ਬੱਚੀ ਨੇ ਪੁਲਸ ਨੂੰ ਵੀ ਕਿਹਾ ਕਿ ਉਸ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੀ ਭੂਆ ਕੋਲ ਰਹਿੰਦੀ ਸੀ, ਜਿੱਥੇ ਕਿ ਉਸ ਨਾਲ ਕੁੱਟਮਾਰ ਹੁੰਦੀ ਸੀ। ਪੁਲਸ ਨੇ ਬੱਚੀ ਦੀ ਫੋਟੋ ਪੁਲਸ ਦੇ ਗਰੁੱਪ ਵਿਚ ਪਾਈ ਤੇ ਕੁਝ ਸਮੇਂ ਬਾਅਦ ਪਤਾ ਚੱਲਿਆ ਕੀ ਬੱਚੀ ਮੋਤੀ ਨਗਰ ਥਾਣੇ ਦੇ ਨਜ਼ਦੀਕ ਰਹਿਣ ਵਾਲੀ ਹੈ ਤੇ ਉਸ ਦੇ ਮਾਂ-ਬਾਪ ਜਿਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਹਾਈ ਲੈਵਲ ਮੀਟਿੰਗ 'ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ
ਪੁਲਸ ਵੱਲੋਂ ਉਸ ਦੇ ਮਾਂ-ਬਾਪ ਨੂੰ ਬੁਲਾਇਆ ਗਿਆ। ਉਸ ਦੇ ਪਿਤਾ ਨੇ ਦੱਸਿਆ ਕਿ ਉਹ ਮੋਤੀ ਨਗਰ ਰਹਿੰਦੇ ਹਨ। ਉਨ੍ਹਾਂ ਦੀ ਬੱਚੀ ਅਚਾਨਕ ਘਰੋਂ ਨਿਕਲ ਗਈ ਸੀ। ਉਨ੍ਹਾਂ ਨੇ ਤੁਰੰਤ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਪਰ ਬੱਚੀ ਨਹੀਂ ਮਿਲੀ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਮੋਤੀ ਨਗਰ ਵਿਚ ਦਰਜ ਕਰਾਈ ਸੀ। ਬੱਚੀ ਦੇ ਪਿਤਾ ਨੇ ਦੱਸਿਆ ਉਹ ਪਹਿਲਾਂ ਵੀ ਇਸੇ ਤਰਾਂ ਘਰ ਤੋਂ ਜਾ ਚੁੱਕੀ ਹੈ। ਇਸ ਸਭ ਵਿਚਾਲੇ ਉੱਥੇ ਇਕ ਹੋਰ ਵਿਅਕਤੀ ਪਹੁੰਚ ਗਿਆ ਤੇ ਉਸ ਨੇ ਦੱਸਿਆ ਕਿ ਅਸਲ ਵਿਚ ਇਹ ਬੱਚੀ ਉਸ ਦੀ ਧੀ ਹੈ। ਦੂਜੇ ਪਰਿਵਾਰ ਵੱਲੋਂ ਇਸ ਨੂੰ ਗੋਦ ਲਿਆ ਗਿਆ ਹੈ ਅਤੇ ਇਹ ਪਹਿਲਾਂ ਵੀ ਦੋ ਤਿੰਨ ਵਾਰ ਇਸੇ ਤਰ੍ਹਾਂ ਜਾ ਚੁੱਕੀ ਹੈ। 12 ਸਾਲਾਂ ਦੀ ਛੋਟੀ ਬੱਚੀ ਦੇ ਝੂਠ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8