ਮਾਂ-ਬੇਟਿਆਂ ਦਾ ਕਾਂਡ ਕਰੇਗਾ ਹੈਰਾਨ, ਇੰਝ ਲਾਇਆ ਦਿਮਾਗ ਤੇ ਕਰ ਲਈ 30 ਲੱਖ ਦੀ ਠੱਗੀ
Saturday, Nov 02, 2024 - 01:05 PM (IST)
ਜਲੰਧਰ (ਵਰੁਣ)–ਕੋਟਲਾ ਪਿੰਡ ਵਿਚ 26 ਕਨਾਲ ਢਾਈ ਮਰਲੇ ਜ਼ਮੀਨ ਦਾ 1 ਕਰੋੜ 5 ਹਜ਼ਾਰ ਰੁਪਏ ਵਿਚ ਸੌਦਾ ਕਰ ਕੇ 30 ਲੱਖ ਰੁਪਏ ਬਿਆਨਾ ਲੈ ਕੇ ਮੁੱਕਰਨ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮਾਂ ਅਤੇ 2 ਬੇਟਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਜੇ ਇਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਜਲਦ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਛਪਾਲ ਸਿੰਘ ਨਿਵਾਸੀ ਗੁਰੂ ਅਮਰਦਾਸ ਐਵੇਨਿਊ ਅਜਨਾਲਾ ਰੋਡ, ਅੰਮ੍ਰਿਤਸਰ ਨੇ ਕਿਹਾ ਕਿ ਉਸ ਦੇ ਜਾਣਕਾਰ ਸੁਰਿੰਦਰ ਨਿਵਾਸੀ ਲੰਮਾ ਪਿੰਡ ਨੇ ਕੋਟਲਾ ਪਿੰਡ ਵਿਚ ਆਪਣੀ 13 ਕਨਾਲ 1.25 ਮਰਲੇ ਜ਼ਮੀਨ ਵੇਚਣੀ ਹੈ। ਉਸ ਨੇ ਉਕਤ ਜ਼ਮੀਨ ਖ਼ਰੀਦਣ ਦੀ ਇੱਛਾ ਪ੍ਰਗਟਾਈ ਤਾਂ ਉਸ ਨੂੰ ਦੱਸਿਆ ਗਿਆ ਕਿ ਉਕਤ ਜ਼ਮੀਨ ’ਤੇ ਕੋਈ ਲੋਨ, ਝਗੜਾ ਆਦਿ ਕੁਝ ਨਹੀਂ ਹੈ ਪਰ ਇਸ ਜ਼ਮੀਨ ਨਾਲ ਲੱਗਦੀ 13 ਕਨਾਲ ਡੇਢ ਮਰਲੇ ਹੋਰ ਜ਼ਮੀਨ ਵੀ ਇਸੇ ਨਾਲ ਵੇਚੀ ਜਾਵੇਗੀ। ਆਖਿਰਕਾਰ ਰਛਪਾਲ ਸਿੰਘ ਦਾ 26 ਕਨਾਲ ਢਾਈ ਮਰਲੇ ਜ਼ਮੀਨ ਦਾ ਇਕ ਕਰੋੜ 5 ਹਜ਼ਾਰ ਰੁਪਏ ਵਿਚ ਸੌਦਾ ਹੋ ਗਿਆ। 21 ਮਈ 2022 ਨੂੰ ਉਸ ਨੇ ਚੈੱਕ ਜ਼ਰੀਏ 30 ਲੱਖ ਰੁਪਏ ਬਿਆਨੇ ਵਜੋਂ ਦੇ ਦਿੱਤੇ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਰਛਪਾਲ ਸਿੰਘ ਦਾ ਕਹਿਣਾ ਹੈ ਕਿ ਬਾਕੀ ਰਕਮ ਰਜਿਸਟਰੀ ਹੋਣ ’ਤੇ ਦਿੱਤੀ ਜਾਣੀ ਸੀ ਪਰ ਸਮਾਂ ਨੇੜੇ ਆਉਣ ’ਤੇ ਉਸ ਨੇ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਉਸ ਨੂੰ ਟਾਲ-ਮਟੋਲ ਕਰਨਾ ਸ਼ੁਰੂ ਹੋ ਗਿਆ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਕਤ ਜ਼ਮੀਨ ’ਤੇ ਹਰਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਕਬਜ਼ਾ ਹੈ। ਉਸ ਨੇ ਉਕਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਜ਼ਮੀਨ ’ਤੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਬੰਦੀ ਛੋੜ ਦਿਵਸ ਮੌਕੇ ਜਥੇਦਾਰ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਦਾ ਦਿੱਤਾ ਸੰਦੇਸ਼
ਦੂਜੇ ਪਾਸੇ ਸੁਰਿੰਦਰ ਸਿੰਘ ਦੀ ਮੌਤ ਹੋ ਜਾਣ ’ਤੇ ਉਸ ਦੇ ਬੇਟਿਆਂ ਅਮਰਜੀਤ ਸਿੰਘ ਅਤੇ ਕੁਲਜੀਤ ਸਿੰਘ ਨਿਵਾਸੀ ਲੰਮਾ ਪਿੰਡ ਨੇ 13 ਮਾਰਚ 2023 ਨੂੰ ਜ਼ਮੀਨ ’ਤੇ ਇੰਤਕਾਲ ਆਪਣੇ ਨਾਂ ਟਰਾਂਸਫਰ ਕਰ ਦਿੱਤਾ। ਇਸ ਸਾਰੇ ਮਾਮਲੇ ਵਿਚ ਸੁਰਿੰਦਰ ਸਿੰਘ ਦੀ ਪਤਨੀ ਸੁਰਜੀਤ ਕੌਰ ਵੀ ਸ਼ਾਮਲ ਸੀ। 30 ਲੱਖ ਰੁਪਏ ਲੈ ਕੇ ਰਜਿਸਟਰੀ ਨਾ ਕਰਵਾਉਣ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਸੁਰਜੀਤ ਕੌਰ, ਉਸ ਦੇ ਦੋਵਾਂ ਬੇਟਿਆਂ ਅਮਰਜੀਤ ਸਿੰਘ ਅਤੇ ਕੁਲਜੀਤ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦਾ AQI ਹੋਇਆ 300 ਪਾਰ, ਇਨ੍ਹਾਂ ਮਰੀਜ਼ਾਂ ਲਈ ਮੰਡਰਾਉਣ ਲੱਗਾ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8