ਚੰਡੀਗੜ੍ਹ ’ਚ ਸਾਈਬਰ ਧੋਖਾਧੜੀ ਕਰਨ ਵਾਲਾ ਗਿਰੋਹ ਬੇਨਕਾਬ, 2 ਮੁਲਜ਼ਮ ਗ੍ਰਿਫਤਾਰ

Wednesday, Oct 30, 2024 - 09:57 PM (IST)

ਚੰਡੀਗੜ੍ਹ : ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਦੀ ਟੀਮ ਨੇ ਚੇਨਈ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਸਾਈਬਰ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਚੇਨਈ ਪੁਲਸ ਨੇ ਚੰਡੀਗੜ੍ਹ ਸਾਈਬਰ ਸੈੱਲ ਨੂੰ ਸੂਚਿਤ ਕੀਤਾ ਸੀ ਕਿ ਚੇਨਈ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਡਿਜੀਟਲ ਅਰੈਸਟ’ ਰਾਹੀਂ ਇਕ ਕਰੋੜ ਰੁਪਏ ਦੀ ਧੋਖਾਦੇਹੀ ਦਾ ਸ਼ਿਕਾਰ ਬਣਾਇਆ ਗਿਆ ਹੈ।

ਇਸ ਸਬੰਧੀ ਚੇਨਈ ਪੁਲਸ ਨੇ ਸੀ. ਸੀ. ਡਬਲਿਊ. ਚੇਨਈ ਸਥਿਤ ਹੈੱਡਕੁਆਰਟਰ ਵਿਖੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਚੰਡੀਗੜ੍ਹ ਪੁਲਸ ਨੂੰ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਚੰਡੀਗੜ੍ਹ ਸਥਿਤ ਯੂਕੋ ਬੈਂਕ ’ਚ ਖਾਤਾ ਖੋਲ੍ਹਿਆ ਹੋਇਆ ਸੀ। ਇਸ ਖਾਤੇ ’ਚ ਕੀਤੇ ਗਏ ਫਰਜ਼ੀ ਲੈਣ-ਦੇਣ ਦੀ ਜਾਂਚ ਦੀ ਲੋੜ ਸੀ। ਇਸ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਚੰਡੀਗੜ੍ਹ ਦੀ ਟੀਮ ਨੇ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਦੌਰਾਨ ਪੁਲਸ ਨੇ ਸਬੰਧਤ ਬੈਂਕ ਦਾ ਦੌਰਾ ਕਰ ਕੇ ਵੇਰਵਿਆਂ ਦੀ ਪੁਸ਼ਟੀ ਕੀਤੀ। ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਲਈ ਚੇਨਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮਾਂ ’ਚੋਂ ਇਕ ਰਾਜਸਥਾਨ ਤੇ ਦੂਜਾ ਮੁਹਾਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਪਛਾਣ ਪ੍ਰਦੀਪ ਸਿੰਘ ਵਾਸੀ ਜ਼ਿਲਾ ਸ੍ਰੀਗੰਗਾਨਗਰ ਤੇ ਯਸ਼ਦੀਪ ਸਿੰਘ ਵਾਸੀ ਮੁਹਾਲੀ ਵਜੋਂ ਹੋਈ ਹੈ।

ਚੰਡੀਗੜ੍ਹ ਪੁਲਸ ਨੇ ਲੋਕਾਂ ਨੂੰ ਅਜਿਹੀਆਂ ਕਾਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਕਾਨੂੰਨ ’ਚ ‘ਡਿਜੀਟਲ ਅਰੈਸਟ’ ਦੀ ਕੋਈ ਵਿਵਸਥਾ ਨਹੀਂ। ਪੁਲਸ ਨੇ ਕਿਸੇ ਵੀ ਸ਼ੱਕੀ ਕਾਲ ਦੌਰਾਨ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਤੇ ਵੱਡੇ ਲੈਣ-ਦੇਣ ਕਰਨ ਤੋਂ ਪਹਿਲਾਂ ਦੋ ਵਾਰ ਜਾਂਚ ਕਰਨ ਦੀ ਸਲਾਹ ਦਿੱਤੀ ਹੈ।


Baljit Singh

Content Editor

Related News