ਨੌਜਵਾਨ ਨੂੰ ਪਿਸਤੌਲ ਦਿਖਾ ਮੋਬਾਇਲ ਤੇ ਬੁਲਟ ਲੈ ਕੇ ਫ਼ਰਾਰ ਹੋਏ ਲੁਟੇਰੇ
Wednesday, Jul 24, 2024 - 03:32 PM (IST)

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਸ਼ੈਲਰ ਨੇੜੇ ਪਿੰਡ ਸੋਢੇ ਵਾਲਾ ਵਿਖੇ ਲੁਟੇਰੇ ਇਕ ਵਿਅਕਤੀ ਨੂੰ ਪਿਸਤੌਲ ਵਿਖਾ ਕੇ ਉਸ ਕੋਲੋਂ ਮੋਬਾਇਲ ਫੋਨ ਅਤੇ ਬੁਲਟ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਕਾਸ਼ਦੀਪ ਸਿੱਧੂ ਪੁੱਤਰ ਪਵਿੱਤਰ ਪਾਲ ਵਾਸੀ ਮੋਗਾ ਰੋਡ ਗੱਜਣ ਸਿੰਘ ਕਾਲੋਨੀ ਨੇ ਦੱਸਿਆ ਕਿ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਾਣਾ ਮੋਟਰਸਾਈਕਲ ਲਾ ਕੇ ਉਸ ਨੂੰ ਰੋਕ ਲਿਆ।
ਇੰਨੇ 'ਚ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਵੱਲ ਕਰ ਦਿੱਤੀ ਤੇ ਉਸ ਦੀ ਪਹਿਨੀ ਹੋਈ ਪੈਂਟ ਵਿਚੋਂ ਉਸ ਦਾ ਮੋਬਾਇਲ ਫੋਨ ਕੱਢ ਲਿਆ। ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਦਾ ਬੁਲਟ ਮੋਟਰਸਾਈਕਲ ਖੋਹ ਕੇ ਰੱਖੜੀ ਪਿੰਡ ਵੱਲ ਚਲੇ ਗਏ। ਅਕਾਸ਼ਦੀਪ ਸਿੱਧੂ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਤੌਰ ’ਤੇ ਪੜਤਾਲ ਕਰਨ 'ਤੇ ਦੋਸ਼ੀਅਨ ਦੇ ਨਾਮ ਕਰਨ ਉਰਫ਼ ਘੋਨੀ ਪੁੱਤਰ ਤਰਸੇਮ ਵਾਸੀ ਨੋਰੰਗ ਕੇ ਲੇਲੀ ਵਾਲਾ, ਸ਼ਿਵ ਪੁੱਤਰ ਚੇਤਲ ਵਾਸੀ ਫਿਰੋਜ਼ਪੁਰ ਅਤੇ ਗਾਂਧੀ ਪੁੱਤਰ ਭੈਰੋ ਵਾਸੀ ਹੱਡਾ ਰੋੜੀ ਪਤਾ ਲੱਗੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।