ਹਥਿਆਰਬੰਦ ਲੁਟੇਰਿਆ ਨੇ ਚਾਲਕ ਨੂੰ ਬੰਧਕ ਬਣਾ ਕੇ ਮਹਿੰਦਰਾ ਪਿਕਅਪ ਗੱਡੀ ਖੋਹੀ

Sunday, Feb 16, 2020 - 02:58 PM (IST)

ਹਥਿਆਰਬੰਦ ਲੁਟੇਰਿਆ ਨੇ ਚਾਲਕ ਨੂੰ ਬੰਧਕ ਬਣਾ ਕੇ ਮਹਿੰਦਰਾ ਪਿਕਅਪ ਗੱਡੀ ਖੋਹੀ

ਮੋਗਾ (ਆਜ਼ਾਦ) : ਮੋਗਾ ਦੇ ਨੇੜਲੇ ਪਿੰਡ ਰਾਜੇਆਣਾ ਵਿਖੇ ਬੀਤੀ ਦੇਰ ਰਾਤ 4-5 ਅਣਪਛਾਤੇ ਹਥਿਆਰਬੰਦ ਲੁਟੇਰੇ ਨੌਜਵਾਨਾਂ ਵੱਲੋਂ ਹਿਮਾਚਲ ਪ੍ਰਦੇਸ਼ ਦੇ ਡਰਾਈਵਰ ਸਤਪਾਲ ਸਿੰਘ ਨੂੰ ਬੰਧਕ ਬਣਾ ਕੇ ਉਸਦੀ ਗੱਡੀ ਅਤੇ ਨਕਦੀ ਖੋਹ ਕੇ ਲੈ ਗਏ। ਪੁਲਸ ਨੇ ਗੱਡੀ ਨੂੰ ਬਾਘਾਪੁਰਾਣਾ ਟੋਲ ਪਲਾਜ਼ਾ ਕੋਲੋ ਬਰਾਮਦ ਕਰ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਤਪਾਲ ਸਿੰਘ ਪੁੱਤਰ ਬਸੰਤ ਰਾਮ ਨਿਵਾਸੀ ਪਿੰਡ ਚਿੱਤਰਾ ਹਿਮਾਚਲ ਪ੍ਰਦੇਸ਼ (ਊਨਾ) ਨੇ ਦੱਸਿਆ ਕਿ ਉਹ ਪਿਛਲੇ 10 ਸਾਲ ਤੋਂ ਲੁਕੇਸ਼ ਲਖਨਪਾਲ ਦੇ ਕੋਲ ਉਸਦੀ ਮਹਿੰਦਰਾ ਪਿਕਅਪ ਗੱਡੀ 'ਤੇ ਡਰਾਈਵਰ ਲੱਗਾ ਹੋਇਆ ਹੈ ਅਤੇ ਊਨਾ ਤੋਂ ਅਬੋਹਰ ਕਿੰਨੂੰ ਲੈਣ ਲਈ ਆਉਂਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੀ 14-15 ਫਰਵਰੀ ਦੀ ਰਾਤ ਨੂੰ ਉਹ ਆਪਣੀ ਮਹਿੰਦਰਾ ਪਿਕਅਪ ਗੱਡੀ ਰਾਹੀਂ ਅਬੋਹਰ ਲਈ ਜਾ ਰਿਹਾ ਸੀ। ਪਿੰਡ ਰਾਜੇਆਣਾ ਕੋਲ ਪੈਟਰੋਲ ਪੰਪ 'ਤੇ ਬੰਦ ਪਏ ਇਕ ਢਾਬੇ ਤੇ ਅਰਾਮ ਕਰਨ ਲਈ ਰੁਕ ਗਿਆ। 

ਇਸ ਦੌਰਾਨ ਇਕ ਕਾਲੇ ਰੰਗ ਦੀ ਗੱਡੀ ਉਥੇ ਆ ਕੇ ਰੁਕੀ, ਜਿਸ ਵਿਚ ਚਾਰ-ਪੰਜ ਅਣਪਛਾਤੇ ਵਿਅਕਤੀ ਆ ਕੇ ਰੁਕੇ ਅਤੇ ਮੈਨੂੰ ਜਬਰੀ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਉਨ੍ਹਾਂ ਵਿਚੋਂ ਇਕ ਮੇਰੀ ਮਹਿੰਦਰਾ ਪਿਕਅਪ ਗੱਡੀ ਚਲਾਉਣ ਲੱਗ ਪਿਆ। ਲੁਟੇਰਿਆ ਨੇ ਮੇਰੇ ਕੋਲੋ 10 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਮਹਿੰਦਰਾ ਪਿਕਅਪ ਗੱਡੀ ਵਿਚ ਪਏ 50 ਹਜ਼ਾਰ ਰੁਪਏÎ ਵੀ ਖੋਹ ਲਏ। ਇਸ ਉਪਰੰਤ ਉਹ ਬੰਧਕ ਬਣਾ ਕੇ ਮੈਨੂੰ ਨਾਲ ਲੈ ਗਏ ਅਤੇ ਗੱਡੀ ਵਿਚ 125 ਖਾਲੀ ਕਰੇਟ ਵੀ ਸਨ ਜਿਸ ਵਿਚ ਕਿੰਨੂੰ ਭਰ ਕੇ ਲਿਆਉਣੇ ਸੀ। ਉਸਨੇ ਕਿਹਾ ਕਿ ਕਥਿਤ ਲੁਟੇਰੇ ਮੈਨੂੰ ਪਿੰਡ ਕਾਲੇਕੇ ਦੇ ਕੋਲ ਗੱਡੀ ਲੈ ਕੇ ਮੈਨੂੰ ਛੱਡ ਕੇ ਫਰਾਰ ਹੋ ਗਏ। ਜਿਸ ਉਪਰੰਤ ਮੈਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਟੋਲ ਪਲਾਜ਼ਾ ਕੋਲੋ ਬਰਾਮਦ ਕਰ ਲਿਆ ਹੈ, ਜਦਕਿ ਉਸ ਵਿਚੋਂ ਕਰੇਟ ਗਾਇਬ ਸਨ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ।


author

Gurminder Singh

Content Editor

Related News