ਲੋਹੀਆਂ ਸਿਵਲ ਹਸਪਤਾਲ ''ਚ ਐੱਸ. ਐੱਮ. ਓ. ਤੇ ਨਰਸਿੰਗ ਸਟਾਫ ਦੀ ਆਪਸੀ ਖਿੱਚੋਤਾਣ
Sunday, Feb 25, 2018 - 12:44 PM (IST)
ਲੋਹੀਆਂ ਖਾਸ (ਮਨਜੀਤ)— ਸਥਾਨਕ ਸਿਵਲ ਹਸਪਤਾਲ ਵਿਚ ਐੱਸ. ਐੱਮ. ਓ. ਅਤੇ ਨਰਸਿੰਗ ਸਟਾਫ ਦੀ ਆਪਸੀ ਖਿੱਚੋਤਾਣ ਕਰਕੇ ਹਸਪਤਾਲ ਵਿਚ ਇਲਾਜ ਅਤੇ ਦਵਾਈਆਂ ਲੈਣ ਆਏ ਮਰੀਜ਼ਾਂ ਨੂੰ ਘੰਟਿਆਂਬੱਧੀ ਖੱਜਲ-ਖੁਆਰ ਹੋਣਾ ਪਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੀ ਐੱਸ. ਐੱਮ. ਓ. ਅਤੇ ਬਾਕੀ ਨਰਸਿੰਗ ਸਟਾਫ ਵਿਚ ਕਿਸੇ ਗੱਲ ਨੂੰ ਲੈ ਕੇ ਮੱਤਭੇਦ ਚੱਲ ਰਹੇ ਸਨ, ਜਿਸ ਕਾਰਨ ਹਸਪਤਾਲ ਦਾ ਨਰਸਿੰਗ ਸਟਾਫ ਆਪਣੀ ਡਿਊਟੀ ਛੱਡ ਕੇ ਹਸਪਤਾਲ 'ਚੋਂ ਬਾਹਰ ਕੁਰਸੀਆਂ 'ਤੇ ਬੈਠ ਕੇ ਰੋਸ ਜਤਾ ਰਿਹਾ ਸੀ, ਜਦਕਿ ਐੱਸ. ਐੱਮ. ਓ. ਅਤੇ ਸਾਥੀ ਡਾਕਟਰ ਅੰਦਰ ਬੈਠ ਕੇ ਵਿਚਾਰ-ਵਟਾਂਦਰਾ ਕਰ ਰਹੇ ਸਨ ਪਰ ਮਰੀਜ਼ ਆਪਣੇ ਇਲਾਜ ਅਤੇ ਦਵਾਈਆਂ ਲੈਣ ਲਈ ਇਧਰ-ਉੱਧਰ ਘੁੰਮ ਰਹੇ ਸਨ ਅਤੇ ਡਾਕਟਰਾਂ ਦੀਆਂ ਖਾਲੀ ਕੁਰਸੀਆਂ ਦੇਖ ਕੇ ਖੱਜਲ-ਖੁਆਰ ਹੋ ਰਹੇ ਸਨ। ਫਿਰ ਕਾਫੀ ਦੇਰ ਬਾਅਦ ਐੱਸ. ਐੱਮ. ਓ. ਅਤੇ ਸਟਾਫ ਵਿਚਕਾਰ ਦੋ ਘੰਟੇ ਦੇ ਕਰੀਬ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਡਾਕਟਰ ਤੇ ਸਟਾਫ ਮੈਂਬਰ ਆਪਣੀ-ਆਪਣੀ ਡਿਊਟੀ 'ਤੇ ਪਹੁੰਚੇ।
'ਸਾਡਾ ਕੀ ਕਸੂਰ, ਸਾਨੂੰ ਤਾਂ ਦਵਾਈ ਦਿਓ' : ਦਵਾਈ ਲੈਣ ਆਏ ਮਰੀਜ਼ਾਂ ਨੂੰ ਜਦੋਂ ਦਵਾਈ ਲੈਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ ਤਾਂ ਇਕ ਦਵਾਈ ਲੈਣ ਆਈ ਬਜ਼ੁਰਗ ਔਰਤ ਅਤੇ ਹੋਰ ਮਰੀਜ਼ਾਂ ਦਾ ਕਹਿਣਾ ਸੀ ਕਿ ਸਾਡਾ ਕੀ ਕਸੂਰ, ਸਾਨੂੰ ਤਾਂ ਦਵਾਈ ਦਿਓ।
'ਕੀ ਹੋਇਆ..., ਜੋ ਰੋਜ਼ ਹੁੰਦਾ...' : ਜਦੋਂ ਹਸਪਤਾਲ ਦੇ ਸਟਾਫ ਦੀ ਮੀਟਿੰਗ ਖਤਮ ਹੋਣ ਦਾ ਨਾਂ ਨਹੀਂ ਸੀ ਲੈ ਰਹੀ ਸੀ ਅਤੇ ਬਾਹਰ ਦਵਾਈ ਲੈਣ ਆਏ ਮਰੀਜ਼ ਕਾਹਲੀ ਕਰਨ ਲੱਗੇ ਤਾਂ ਇਕ ਸਟਾਫ ਮੈਂਬਰ ਮੀਟਿੰਗ 'ਚੋਂ ਬਾਹਰ ਆ ਕੇ ਦਵਾਈ ਦੇਣ ਲੱਗ ਪਈ ਤਾਂ ਉਸੇ ਸਮੇਂ ਡਿਊਟੀ 'ਤੇ ਆਈ ਇਕ ਹੋਰ ਸਟਾਫ ਮੈਂਬਰ ਨੇ ਪੁੱਛਿਆ ਕਿ 'ਕੀ ਹੋਇਆ ਤਾਂ ਅੱਗੋਂ ਜਵਾਬ ਆਇਆ ਜੋ ਰੋਜ਼ ਹੁੰਦਾ...'।
ਪਹਿਲਾਂ ਖੜਕਾਏ ਭਾਂਡੇ ਫਿਰ ਪਾਏ ਪੋਚੇ.. : ਦੋ ਨਰਸਿੰਗ ਸਟਾਫ ਡਿਊਟੀ ਛੱਡ ਕੇ ਬਾਹਰ ਕੁਸੀਆਂ 'ਤੇ ਬੈਠ ਕੇ ਰੋਸ ਜਤਾ ਰਿਹਾ ਸੀ ਤਾਂ ਉਸ ਵੇਲੇ ਐੱਸ. ਐੱਮ. ਓ. ਮੈਡਮ ਦਾ ਕਹਿਣਾ ਸੀ ਕਿ ਇਹ ਤਾਂ ਸਾਡੇ ਘਰ ਦੀ ਗੱਲ ਹੈ, ਕੁਝ ਨਾਰਾਜ਼ਗੀਆਂ ਨੇ, ਅਸੀਂ ਬੈਠ ਕੇ ਦੂਰ ਕਰ ਲੈਣੀਆਂ ਹਨ। ਨਾਲੇ ਜਿੱਥੇ ਦੋ ਭਾਂਡੇ ਹੋਣ ਖੜਕਦੇ ਹੀ ਨੇ ਪਰ 2 ਘੰਟੇ ਦੀ ਚੱਲੀ ਮੀਟਿੰਗ ਤੋਂ ਬਾਅਦ ਐੱਸ. ਐੱਮ. ਓ. ਨੇ ਆਪਣੀ ਹੀ ਕਹੀ ਗੱਲ 'ਤੇ ਪੋਚੇ ਪਾਉਂਦੇ ਹੋਏ ਕਿਹਾ ਕਿ ਇਥੇ ਕੋਈ ਗੱਲ ਨਹੀਂ ਹੋਈ। ਅਸੀਂ ਤਾਂ ਰੁਟੀਨ ਦੀ ਮੀਟਿੰਗ ਕਰ ਰਹੇ ਸੀ। ਜੇ ਰੁਟੀਨ ਦੀ ਮੀਟਿੰਗ ਸੀ ਤਾਂ ਮੀਟਿੰਗ ਤੋਂ ਪਹਿਲਾਂ ਸਟਾਫ ਡਿਊਟੀ ਛੱਡ ਕੇ ਬਾਹਰ ਕਿਉਂ ਬੈਠਾ? ਅਜਿਹੇ ਕਈ ਸਵਾਲ ਸਨ ਜਿਸ ਦਾ ਐੱਸ. ਐੱਮ. ਓ. ਨੂੰ ਕੋਈ ਜਵਾਬ ਨਹੀਂ ਆਇਆ।