ਸਿਟੀ ਰੇਲਵੇ ਸਟੇਸ਼ਨ ’ਤੇ ਜੀ. ਐੱਸ. ਟੀ. ਵਿਭਾਗ ਦੀ ਛਾਪੇਮਾਰੀ, ਦਿੱਲੀ ਤੋਂ ਜੰਮੂ ਜਾ ਰਹੀ ਟ੍ਰੇਨ ਰਾਹੀਂ ਆਏ 27 ਨਗ ਜ਼ਬਤ

Wednesday, Nov 13, 2024 - 09:02 AM (IST)

ਸਿਟੀ ਰੇਲਵੇ ਸਟੇਸ਼ਨ ’ਤੇ ਜੀ. ਐੱਸ. ਟੀ. ਵਿਭਾਗ ਦੀ ਛਾਪੇਮਾਰੀ, ਦਿੱਲੀ ਤੋਂ ਜੰਮੂ ਜਾ ਰਹੀ ਟ੍ਰੇਨ ਰਾਹੀਂ ਆਏ 27 ਨਗ ਜ਼ਬਤ

ਜਲੰਧਰ (ਪੁਨੀਤ) : ਸਟੇਟ ਜੀ. ਐੱਸ. ਟੀ. ਮੋਬਾਈਲ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ’ਤੇ ਛਾਪੇਮਾਰੀ ਕਰਦਿਆਂ 27 ਨਗ ਮਾਲ ਜ਼ਬਤ ਕੀਤਾ ਹੈ, ਜੋ ਕਿ ਜਲੰਧਰ ਦੇ ਵੱਖ-ਵੱਖ ਵਪਾਰੀਆਂ ਨਾਲ ਸਬੰਧਤ ਦੱਸਿਆ ਗਿਆ ਹੈ। ਕੁਝ ਵਪਾਰੀਆਂ ਵੱਲੋਂ ਮੌਕੇ ’ਤੇ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿਭਾਗ ਨੇ ਸਾਰੇ 27 ਨਗਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਚੈਕਿੰਗ ਕਰ ਕੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।

ਇਸ ਲਈ ਜੀ. ਐੱਸ. ਟੀ. ਮੋਬਾਈਲ ਵਿੰਗ ਦੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਆਪਣੀ ਟੀਮ ਨਾਲ ਸਵੇਰੇ 7 ਵਜੇ ਤੋਂ ਟ੍ਰੈਪ ਲਗਾ ਕੇ ਮਾਲ ਉਤਰਨ ਦੀ ਉਡੀਕ ਕਰ ਰਹੇ ਸਨ। ਉਕਤ ਨਗ ਦਿੱਲੀ ਤੋਂ ਜੰਮੂ ਜਾਣ ਵਾਲੀ ਟ੍ਰੇਨ ਰਾਹੀਂ ਜਲੰਧਰ ਭੇਜੇ ਗਏ ਸਨ। ਇਨ੍ਹਾਂ ਨਗਾਂ ਵਿਚ ਬੂਟ ਅਤੇ ਸੋਲ (ਬੂਟਾਂ ਦਾ ਹੇਠਲਾ ਹਿੱਸਾ) ਦੱਸਿਆ ਜਾ ਰਿਹਾ ਹੈ, ਹਾਲਾਂਕਿ ਨਗਾਂ ਨੂੰ ਖੋਲ੍ਹ ਕੇ ਪੂਰੀ ਸੱਚਾਈ ਪਤਾ ਲੱਗੇਗੀ।

ਚੀਮਾ ਨੇ ਦੱਸਿਆ ਕਿ ਜੁਆਇੰਟ ਡਾਇਰੈਕਟਰ ਦਲਜੀਤ ਕੌਰ, ਡਿਪਟੀ ਡਾਇਰੈਕਟਰ ਮੋਬਾਈਲ ਵਿੰਗ ਸੰਜੀਵ ਮਦਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇੰਸ. ਭੁਪਿੰਦਰ ਭੱਟੀ, ਏ. ਐੱਸ. ਆਈ. ਪਰਗਟ ਸਿੰਘ, ਰਵੀ ਸ਼ੰਕਰ, ਮਹਿਤਾਜ ਮਸੀਹ ਸਮੇਤ ਟੀਮ ਮੌਕੇ ’ਤੇ ਮੌਜੂਦ ਰਹੀ।

ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਕਾਰਵਾਈ 9 ਵਜੇ ਤਕ ਜਾਰੀ ਰਹੀ ਅਤੇ ਵਿਭਾਗੀ ਅਧਿਕਾਰੀ ਮਾਲ ਨੂੰ ਜ਼ਬਤ ਕਰ ਕੇ ਜੀ. ਐੱਸ. ਟੀ. ਭਵਨ ਲੈ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਨੂੰ ਪਾਰਟੀਆਂ ਦੀ ਹਾਜ਼ਰੀ ਵਿਚ ਖੋਲ੍ਹ ਕੇ ਦੇਖਿਆ ਜਾਵੇਗਾ ਅਤੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਹੋਵੇਗੀ। ਜਿਸ ਮਾਲ ਦਾ ਬਿੱਲ ਪੇਸ਼ ਕਰ ਦਿੱਤਾ ਜਾਵੇਗਾ, ਉਸ ਨੂੰ ਛੱਡ ਦਿੱਤਾ ਜਾਵੇਗਾ, ਜਦਕਿ ਬਾਕੀ ਦੇ ਮਾਲ ’ਤੇ ਬਣਦਾ ਜੀ. ਐੱਸ. ਟੀ. ਅਤੇ ਜੁਰਮਾਨਾ ਲਗਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News