ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ

5/20/2020 12:28:58 PM

ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਫਰੀਦਕੋਟ ਜ਼ਿਲੇ ਦੇ ਪਿੰਡ ਡੱਗੋ ਰੋਮਾਣਾ ਦੇ ਪੜ੍ਹੇ ਲਿਖੇ ਨੌਜਵਾਨ ਸੁਖਜਿੰਦਰ ਸਿੰਘ ਧਾਲੀਵਾਲ ਪੁੱਤਰ ਬਲਜਿੰਦਰ ਸਿੰਘ ਦਾ ਵਿਆਹ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਦੀ ਤਹਿਸੀਲ ਕਰਨਪੁਰ ਵਿਚ ਪੈਂਦੇ ਪਿੰਡ 5 ਐਫਐਫ ਦੇ ਵਸਨੀਕ ਹਰਜੀਤ ਸਿੰਘ ਖੋਸਾ ਦੀ ਪੁੱਤਰੀ ਨਰਵੀਰ ਕੌਰ ਖੋਸਾ ਨਾਲ ਹੋਇਆ। ਬਿਲਕੁਲ ਸਾਦੇ ਢੰਗ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਏ ਇਸ ਵਿਆਹ ਦੀ ਫਰੀਦਕੋਟ ਅਤੇ ਰਾਜਸਥਾਨ ਦੇ ਲੋਕਾਂ ਵਿਚ ਕਾਫ਼ੀ ਸ਼ਲਾਘਾ ਹੋ ਰਹੀ ਹੈ। ਲਾੜੇ ਅਤੇ ਲਾੜੀ ਨੇ ਨੌਜਵਾਨਾਂ ਨੂੰ ਜਿੱਥੇ ਫਜ਼ੂਲ ਖਰਚੀ ਛੱਡ ਕੇ ਬਿਨਾਂ ਇਕੱਠ ਤੋਂ ਸਾਦੇ ਢੰਗ ਨਾਲ ਵਿਆਹ ਕਰਾਉਣ ਦਾ ਸੁਨੇਹਾ ਦਿੱਤਾ ਹੈ ਉਥੇ ਹੀ ਉਨ੍ਹਾਂ ਫਰੀਦਕੋਟ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਆਈ.ਏ.ਐੱਸ. ਸਮੇਤ ਤਰਸੇਮ ਚੰਦ ਪੀ.ਸੀ.ਐੱਸ. (ਜੀ ਏ) ਅਤੇ ਸ੍ਰੀ ਗੰਗਾਨਗਰ ਰਾਜਸਥਾਨ ਦੇ ਕੁਲੈਕਟਰ ਐੱਨ ਸ਼ਿਵ ਪ੍ਰਸ਼ਾਦ ਦਾ ਵੀ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਹੈ। 

ਲਾੜੇ ਸੁਖਜਿੰਦਰ ਸਿੰਘ ਅਤੇ ਲਾੜੀ ਨਰਵੀਰ ਕੌਰ ਦਾ ਕਹਿਣਾ ਹੈ ਕਿ ਇਨਾਂ ਸੀਨੀਅਰ ਅਧਿਕਾਰੀਆਂ ਦੇ ਸਦਕਾ ਹੀ ਕੋਵਿਡ-19 ਲਾਕਡਾਊਨ ਤੇ ਕਰਫਿਊ ਵਿਚਕਾਰ ਦੇ ਔਖੇ ਸਮੇਂ ਦੌਰਾਨ ਉਨ੍ਹਾਂ ਦਾ ਵਿਆਹ ਸੰਭਵ ਹੋ ਸਕਿਆ ਹੈ। ਅਸੀਂ ਅਤੇ ਸਾਡੇ ਦੋਵੇਂ ਪਰਿਵਾਰ ਇਸ ਵਿਆਹ ਤੋਂ ਪੂਰੀ ਤਰਾਂ ਨਾਲ ਖੁਸ਼ ਹਨ, ਕਿਉਂਕਿ ਇੱਕ ਪਾਸੇ ਜਿੱਥੇ ਵਿਆਹ ਉਤੇ ਕੋਈ ਫਜ਼ੂਲ ਖਰਚਾ ਨਹੀਂ ਹੋਇਆ। ਦੂਜੇ ਪਾਸੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਿਆਹ ਵਿਚ ਬਿਨਾਂ ਇਕੱਠ ਕੀਤਿਆਂ ਉਨ੍ਹਾਂ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਵੀ ਨਿਭਾਇਆ।  

ਲਾੜਾ-ਲਾੜੀ ਦਾ ਕਹਿਣਾ ਹੈ ਕਿ ਦੋਵਾਂ ਦਾ ਵਿਆਹ ਪਹਿਲਾਂ ਮਾਰਚ ਮਹੀਨੇ ਵਿਚ ਤੈਅ ਹੋਇਆ ਸੀ ਅਤੇ ਇਸ ਸਬੰਧੀ ਦੋਵੇਂ ਪਰਿਵਾਰਾਂ ਵਲੋਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ। ਪਰ ਅਚਾਨਕ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਵਿਚ ਲਾਕਡਾਊਨ ਲੱਗਣ ਕਾਰਨ ਉਨ੍ਹਾਂ ਨੂੰ ਵਿਆਹ ਦਾ ਪ੍ਰੋਗਰਾਮ ਬਦਲ ਕੇ 15 ਮਈ ਕਰਨਾ ਪਿਆ ਸੀ। ਇਸ ਤੋਂ ਬਾਅਦ ਇੱਕ ਮਹੀਨਾ ਇੰਤਜ਼ਾਰ ਕਰਨ ਮਗਰੋਂ ਲਾੜੇ ਅਤੇ ਲਾੜੀ ਦੇ ਪਰਿਵਾਰਾਂ ਵਲੋਂ ਫਰੀਦਕੋਟ ਜ਼ਿਲੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਕੋਲ ਅਤੇ ਸ੍ਰੀ ਗੰਗਾਨਗਰ ਜ਼ਿਲੇ ਦੇ ਮਾਣਯੋਗ ਕੁਲੈਕਟਰ ਕੋਲ ਵਿਆਹ ਦੀ ਮਨਜ਼ੂਰੀ ਲਈ ਨਿਯਮਾਂ ਤਹਿਤ ਅਰਜ਼ੀਆਂ ਦਿੱਤੀਆਂ ਗਈਆਂ, ਜਿਨਾਂ ਵਲੋਂ ਦੋਵੇਂ ਪਾਸਿਓਂ ਚਾਰ-ਚਾਰ ਪਰਿਵਾਰ ਮੈਂਬਰਾਂ ਨੂੰ ਵਿਆਹ ਵਿਚ ਸ਼ਾਮਲ ਹੋਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਆਹ ਮੁਕੰਮਲ ਹੋਇਆ।     

ਲਾੜੇ ਸੁਖਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਰਾਜਸਥਾਨ ਸਰਕਾਰ ਦੀਆਂ ਲਾਕਡਾਊਨ ਸਬੰਧੀ ਹਦਾਇਤਾਂ ਦਾ ਪਾਲਣ ਕਰਦਿਆਂ ਬਿਨਾਂ ਰਿਸ਼ਤੇਦਾਰਾਂ ਦੇ ਇਕੱਠ ਤੋਂ ਸਿਰਫ ਆਪਣੇ ਮਾਤਾ-ਪਿਤਾ ਤੇ ਇੱਕ ਰਿਸ਼ਤੇਦਾਰ ਨੂੰ ਨਾਲ ਲੈ ਕੇ 15 ਮਈ ਨੂੰ ਸਵੇਰੇ 6 ਵਜੇ ਆਪਣੇ ਪਿੰਡ ਡੱਗੋ ਰੋਮਾਣਾ, ਜ਼ਿਲਾ ਫਰੀਦਕੋਟ ਤੋਂ ਸ੍ਰੀ ਗੰਗਾਨਗਰ ਜ਼ਿਲੇ ਦੇ ਕਰਨਪੁਰ ਤਹਿਸੀਲ ਵਿਚ ਪੈਂਦੇ ਪਿੰਡ 5 ਐੱਫ.ਐੱਫ ਵਿਆਹ ਲਈ ਰਵਾਨਾ ਹੋਇਆ। ਕਰਫਿਊ/ਲਾਕਡਾਊਨ ਤਹਿਤ ਸਮਾਜਿਕ ਦੂਰੀ/ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਦੋਵੇਂ ਪਰਿਵਾਰਾਂ ਵਲੋਂ ਵਿਆਹ ਦੀਆਂ ਰਸਮਾਂ ਸ੍ਰੀ ਆਨੰਦ ਕਾਰਜ ਕਰ ਕੇ ਵਾਪਸ ਪਿੰਡ ਪਰਤ ਆਇਆ। ਵਿਆਹ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਦੀ ਤਹਿਸੀਲ ਕਰਨਪੁਰ ਵਿਚ ਪੈਂਦੇ ਪਿੰਡ 5 ਐੱਫ.ਐੱਫ ਦੇ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਵਿਖੇ ਹੋਇਆ। 

ਲਾੜੇ ਦੇ ਪਿਤਾ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੇ ਵਿਆਹ ਤੋਂ ਬਹੁਤ ਖੁਸ਼ ਹਨ ਅਤੇ ਪੰਜਾਬ ਸਰਕਾਰ ਅਤੇ ਰਾਜਸਥਾਨ ਸਰਕਾਰ ਦਾ ਵਿਸ਼ੇਸ਼ ਤੌਰ ਉਤੇ ਬਹੁਤ ਧੰਨਵਾਦੀ ਹਨ, ਜਿਨਾਂ ਦੀ ਮਨਜ਼ੂਰੀ ਸਦਕਾ ਹੀ ਇਹ ਸ਼ੁਭ ਕਾਰਜ ਸੰਭਵ ਹੋ ਸਕਿਆ ਹੈ। 

ਉਧਰ ਲਾੜੀ ਦੇ ਪਿਤਾ ਹਰਜੀਤ ਸਿੰਘ ਖੋਸਾ ਨੇ ਵੀ ਆਪਣੀ ਖੁਸ਼ੀ ਸਾਂਝੀ ਕਰਦਿਆਂ ਜਿੱਥੇ ਰਾਜਸਥਾਨ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਉਹ ਲਾੜੇ ਅਤੇ ਲਾੜੀ ਵਲੋਂ ਸਾਦਾ ਵਿਆਹ ਕਰਾਉਣ ਦੇ ਫੈਸਲੇ ਤੋਂ ਬਹੁਤ ਜ਼ਿਆਦਾ ਖੁਸ਼ ਹਨ। ਕਿਉਂਕਿ ਬੱਚਿਆਂ ਦੀ ਖੁਸ਼ੀ ਵਿਚ ਹੀ ਮਾਪਿਆਂ ਦੀ ਖੁਸ਼ੀ ਹੁੰਦੀ ਹੈ ਅਤੇ ਜਦੋਂ ਬੱਚੇ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਬਾਖੂਬੀ ਨਿਭਾਉਣ ਦਾ ਮਾਤਾ-ਪਿਤਾ ਦਾ ਸਿਰ ਹੋਰ ਉਚਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ।  

ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਪਰਿਵਾਰਾਂ ਦੇ ਮੈਂਬਰਾਂ ਨੇ ਕੋਵਿਡ-19 ਦੇ ਚੱਲਦੇ ਪੂਰਾ ਪ੍ਰਹੇਜ ਰੱਖਦੇ ਹੋਏ ਮਾਸਕ ਪਹਿਨ ਕੇ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਹੋਏ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਆਹ ਦਾ ਕਾਰਜ ਕੀਤਾ। ਘਰੋਂ ਚੱਲਣ ਤੋਂ ਲੈ ਕੇ ਵਾਪਸ ਆਉਣ ਤੱਕ ਅਸੀਂ ਮੂੰਹ ਉਪਰ ਮਾਸਕ ਪਾ ਕੇ ਰੱਖਿਆ। ਲਾੜਾ ਅਤੇ ਲਾੜੀ ਨੇ ਵੀ ਖੁਦ ਮਾਸਕ ਪਾਇਆ ਹੋਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur