ਪੰਜਾਬ ''ਚ ਮੁੰਡੇ ਦਾ ਬੇਰਹਿਮੀ ਨਾਲ ਕਤਲ! ਰਾਜਸਥਾਨ ਵਾਲੀ ਨਹਿਰ ''ਚ ਸੁੱਟੀ ਲਾਸ਼

Sunday, Feb 08, 2026 - 11:20 AM (IST)

ਪੰਜਾਬ ''ਚ ਮੁੰਡੇ ਦਾ ਬੇਰਹਿਮੀ ਨਾਲ ਕਤਲ! ਰਾਜਸਥਾਨ ਵਾਲੀ ਨਹਿਰ ''ਚ ਸੁੱਟੀ ਲਾਸ਼

ਫ਼ਰੀਦਕੋਟ (ਜਗਤਾਰ ਦੁਸਾਂਝ): ਕਰੀਬ ਪੌਣੇ ਦੋ ਮਹੀਨੇ ਪਹਿਲਾਂ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਲਾਪਤਾ ਹੋਏ ਨੌਜਵਾਨ ਕਮਲਜੀਤ ਸਿੰਘ ਦੀ ਲਾਸ਼ ਰਾਜਸਥਾਨ ਜੈਸਲਮੇਰ ਨਹਿਰ ਵਿਚੋਂ ਬਰਾਮਦ ਹੋਣ ਤੋਂ ਬਾਅਦ ਪਰਿਵਾਰ ਵਿਚ ਸਨਾਟਾ ਛਾਇਆ ਹੋਇਆ ਹੈ। ਉੱਥੇ ਹੀ ਪਰਿਵਾਰ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉੱਧਰ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।

ਮ੍ਰਿਤਕ ਦੇ ਪਿਤਾ ਹਰਨੇਕ ਸਿੰਘ ਨੇ ਦੱਸਿਆ ਕਿ 17 ਦਸੰਬਰ ਨੂੰ ਉਨ੍ਹਾਂ ਦਾ ਬੇਟਾ ਘਰੋਂ ਲਾਪਤਾ ਹੋ ਗਿਆ ਸੀ, ਜੋ ਕਿ ਦਵਾਈ ਲੈਣ ਫਰੀਦਕੋਟ ਆਇਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਜਿਸ ਦੀ ਸ਼ਿਕਾਇਤ ਥਾਣਾ ਸਦਰ ਸਾਦਕ ਵਿਚ ਦਰਜ਼ ਕਰਾਈ ਗਈ ਸੀ, ਜਿੱਥੇ 24 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਪਰ ਕੱਲ੍ਹ ਅਚਾਨਕ ਉਨ੍ਹਾਂ ਨੂੰ ਖ਼ਬਰ ਮਿਲਦੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਜੈਸਲਮੇਰ ਨਹਿਰ ਵਿਚੋਂ ਮਿਲੀ। ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੋਟਕਪੂਰੇ ਤੋਂ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਸੀ, ਜਿਨ੍ਹਾਂ ਉੱਤੇ ਅਸਲੇ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਤੋਂ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਸੀ, ਉਹ ਉਨ੍ਹਾਂ ਦੇ ਬੇਟੇ ਕਮਲਜੀਤ ਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਸ ਦੇ ਬੇਟੇ ਤੇ ਫੋਨ 'ਤੇ ਇਕ ਲੜਕੀ ਦੀ ਕਾਲ ਵੀ ਆਈ ਸੀ, ਜੋ ਕਿ ਗ੍ਰਿਫਤਾਰ ਹੋਏ ਲੜਕਿਆਂ ਦੀ ਰਿਸ਼ਤੇਦਾਰ ਦੱਸੀ ਜਾਂਦੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੇ ਬੇਟੇ ਦੇ ਉਸ ਲੜਕੀ ਨਾਲ ਪ੍ਰੇਮ ਸਬੰਧ ਹੋਣ, ਜਿਸ ਦੇ ਚਲਦੇ ਹੀ ਉਸ ਦਾ ਕਤਲ ਕਰਕੇ ਉਸ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ। ਇਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਉਧਰ ਪੁਲਸ ਵੱਲੋਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਾਦਕ ਵਿਚ 24 ਦਸੰਬਰ ਨੂੰ ਕਮਲਜੀਤ ਨਾਂ ਦੇ ਲੜਕੇ ਦੇ ਲਾਪਤਾ ਹੋਣ ਦੀ ਰਪਟ ਲਿਖੀ ਗਈ ਸੀ, ਜਿਸ ਦੀ ਲਾਸ਼ ਜੈਸਲਮੇਰ ਨਹਿਰ 'ਚੋਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ।


author

Anmol Tagra

Content Editor

Related News