ਸ਼ੇਰ-ਏ-ਪੰਜਾਬ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ ’ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕੇਸ ਦਰਜ
Monday, Aug 17, 2026 - 12:30 PM (IST)
ਲੁਧਿਆਣਾ (ਤਰੁਣ)- ਮਹਾਨਗਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਮਸ਼ਹੂਰ ਸ਼ੇਰ-ਏ-ਪੰਜਾਬ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ 'ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਪੁਲਸ ਵੱਲੋਂ ਕੀਤੀ ਗਈ ਸਿਰਫ਼ ਖਾਨਾਪੂਰਤੀ ਹੈ, ਜਦਕਿ ਜਗ ਜ਼ਾਹਿਰ ਹੈ ਕਿ ਸ਼ੇਰ-ਏ-ਪੰਜਾਬ ਢਾਬੇ ਦੇ ਅੰਦਰ ਦੇਰ ਰਾਤ ਤੱਕ ਕਾਨੂੰਨ ਨੂੰ ਛਿੱਕੇ ਟੰਗ ਕੇ ਲੋਕਾਂ ਨੂੰ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਪੁਲਸ ਇਸ ਗੱਲ ਤੋਂ ਬੇਖ਼ਬਰ ਹੈ, ਪਰ ਜਦੋਂ ਸੋਸ਼ਲ ਮੀਡੀਆ ’ਤੇ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਪੁਲਸ ਉੱਚ ਅਧਿਕਾਰੀਆਂ ਦੇ ਹੁਕਮਾਂ ''ਤੇ ਖਾਨਾਪੂਰਤੀ ਲਈ ਕੇਸ ਦਰਜ ਕਰ ਲਿਆ ਜਾਂਦਾ ਹੈ। ਜਾਣਕਾਰੀ ਅਨੁਸਾਰ 15 ਅਗਸਤ ਨੂੰ ਸ਼ੇਰ-ਏ-ਪੰਜਾਬ ਦੇ ਅੰਦਰ ਦੇਰ ਰਾਤ ਤੱਕ ਸ਼ਰਾਬ ਦਾ ਸੇਵਨ ਕਰਵਾਉਣ ਦਾ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਹਰਕਤ ਵਿਚ ਆਈ। ਪੁਲਸ ਟੀਮ ਮੌਕੇ ''ਤੇ ਪਹੁੰਚੀ ਪਰ ਸ਼ੇਰ-ਏ-ਪੰਜਾਬ ਢਾਬੇ ਦਾ ਮਾਲਕ ਸੁਦਰਸ਼ਨ ਮੌਕੇ ''ਤੇ ਮੌਜੂਦ ਨਹੀਂ ਸੀ। ਪੁਲਸ ਨੇ ਗ਼ੈਰ-ਕਾਨੂੰਨੀ ਤੌਰ ''ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਫ਼ਿਲਹਾਲ ਢਾਬਾ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦਕਿ ਸ਼ਰਾਬ ਪਿਆਉਣ ਵਾਲੇ ਢਾਬੇ ਦੇ ਨੌਕਰਾਂ ਨੂੰ ਰਾਹਤ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਸ਼ੇਰ-ਏ-ਪੰਜਾਬ ਦੇ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ ''ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਪਹਿਲਾਂ ਵੀ ਕਈ ਕੇਸ ਦਰਜ ਹਨ ਪਰ ਢਾਬਾ ਮਾਲਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸ ਸਬੰਧੀ ਕ੍ਰਿਮੀਨਲ ਲਾਇਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਗ਼ੈਰ-ਕਾਨੂੰਨੀ ਤੌਰ ''ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਐਕਸਾਈਜ਼ ਐਕਟ ਤਹਿਤ ਧਾਰਾ ਲਗਾ ਕੇ ਕੇਸ ਦਰਜ ਕੀਤਾ ਜਾਂਦਾ ਹੈ, ਜੋ ਕਿ ਜ਼ਮਾਨਤੀ ਧਾਰਾ ਹੈ। ਇਸੇ ਕਾਰਨ ਅਜਿਹੇ ਢਾਬਾ ਸੰਚਾਲਕ ਬੇਖ਼ੌਫ਼ ਹੋ ਕੇ ਕਾਨੂੰਨ ਦੀ ਉਲੰਘਣਾ ਕਰਦੇ ਹਨ।
ਸਮਾਜਸੇਵੀ ਧੀਰਜ ਜੈਨ ਸੇਠੀਆ ਦਾ ਕਹਿਣਾ ਹੈ ਕਿ ਪੁਲਸ ਦੀ ਮਿਲੀਭੁਗਤ ਨਾਲ ਬੇਖ਼ੌਫ਼ ਹੋ ਕੇ ਅਜਿਹੇ ਢਾਬਾ ਸੰਚਾਲਕ ਕਾਨੂੰਨ ਦੀ ਉਲੰਘਣਾ ਕਰਦੇ ਹਨ। ਜੇਕਰ ਪੁਲਸ ਇਮਾਨਦਾਰ ਤੇ ਚੌਕਸ ਹੋਵੇ ਤੇ ਇਨ੍ਹਾਂ 'ਤੇ ਨਕੇਲ ਕੱਸਣਾ ਚਾਹੇ ਤਾਂ ਹੋਰ ਗ਼ੈਰ-ਜ਼ਮਾਨਤੀ ਧਾਰਾਵਾਂ ਲਗਾ ਕੇ ਅਜਿਹੇ ਢਾਬਾ ਸੰਚਾਲਕਾਂ ਨੂੰ ਸਬਕ ਸਿਖਾ ਸਕਦੀ ਹੈ।
