ਦਲਿਤ ਨੌਜਵਾਨ ਦੀ ਕੁੱਟ-ਮਾਰ ਕਰਨ ਅਤੇ ਪਿਸ਼ਾਬ ਪਿਆਉਣ ਦੇ ਦੋਸ਼ 'ਚ ਕੇਸ ਦਰਜ

11/15/2019 12:06:53 PM

ਲਹਿਰਾਗਾਗਾ (ਗਰਗ) : ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਕੁਝ ਵਿਅਕਤੀਆਂ ਵੱਲੋਂ ਇਕ ਦਲਿਤ ਨੌਜਵਾਨ ਦੀ ਕੁੱਟ-ਮਾਰ ਕਰਨ, ਪਿਸ਼ਾਬ ਪਿਆਉਣ ਅਤੇ ਲੱਤਾਂ ਦਾ ਮਾਸ ਪਲਾਸ ਨਾਲ ਨੋਚਣ ਦੇ ਦੋਸ਼ ਹੇਠ ਸਿਟੀ ਲਹਿਰਾਗਾਗਾ ਦੀ ਪੁਲਸ ਨੇ ਕੁਝ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੀ. ਐੱਸ. ਪੀ. ਸਰਦਾਰ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਜਗਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੰਗਾਲੀਵਾਲਾ ਅਨੁਸਾਰ ਉਨ੍ਹਾਂ ਦਾ 21 ਅਕਤੂਬਰ ਨੂੰ ਪਿੰਡ ਦੇ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ ਅਤੇ ਉਸ ਸਬੰਧੀ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ 7 ਨਵੰਬਰ ਨੂੰ ਸਵੇਰੇ 9 ਵਜੇ ਗੁਰਦਿਆਲ ਸਿੰਘ ਪੰਚ ਦੇ ਘਰ ਬੈਠਾ ਸੀ ਕਿ ਰਿੰਕੂ, ਲੱਕੀ, ਗੋਲੀ, ਬਿੱਟਾ, ਬਿੰਦਰ ਸਿੰਘ ਮੇਰੇ ਕੋਲ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਲਾਡੀ ਨੇ ਸਾਨੂੰ ਕਿਹਾ ਕਿ ਤੈਨੂੰ ਦਵਾਈ ਦਿਵਾ ਕੇ ਲਿਆਉਣੀ ਹੈ, ਤੂੰ ਸਾਡੇ ਨਾਲ ਚੱਲ। ਇਸ ਤੋਂ ਬਾਅਦ ਰਿੰਕੂ ਅਤੇ ਬਿੱਟਾ ਮੈਨੂੰ ਮੋਟਰਸਾਈਕਲ 'ਤੇ ਬਿਠਾ ਕੇ ਰਿੰਕੂ ਦੇ ਘਰ ਲੈ ਗਏ, ਜਿੱਥੇ ਅਮਰਜੀਤ ਸਿੰਘ ਵੀ ਹਾਜ਼ਰ ਸਨ। ਰਿੰਕੂ, ਬਿੱਟਾ ਅਤੇ ਅਮਰਜੀਤ ਸਿੰਘ ਨੇ ਮੈਨੂੰ ਥਮਲੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਡੰਡਿਆਂ ਅਤੇ ਰਾਡ ਨਾਲ ਕੁੱਟਿਆ, ਇੱਥੋਂ ਤੱਕ ਕਿ ਪਲਾਸ ਨਾਲ ਨੌਜਵਾਨ ਦੀਆਂ ਲੱਤਾਂ ਦਾ ਮਾਸ ਵੀ ਨੋਚਿਆ। ਫਿਰ ਲਾਡੀ ਪੁੱਤਰ ਪੂਰਨ ਸਿੰਘ ਨੇ ਮੌਕੇ 'ਤੇ ਆ ਕੇ ਮੈਨੂੰ ਛੁਡਵਾਇਆ ਅਤੇ ਘਰ ਭੇਜ ਦਿੱਤਾ। ਦੋ -ਤਿੰਨ ਦਿਨ ਸਿਵਲ ਹਸਪਤਾਲ ਸੰਗਰੂਰ ਇਲਾਜ ਲਈ ਜਾਂਦਾ ਰਿਹਾ ਪਰ ਦਾਖਲ ਨਹੀਂ ਹੋਇਆ, ਉਸ ਨੇ ਦੱਸਿਆ ਕਿ ਰਿੰਕੂ ਜਦੋਂ ਮੈਨੂੰ ਕੁੱਟ ਰਿਹਾ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਪਾਣੀ ਪਿਆ ਦਿਓ ਤਾਂ ਉਸ ਨੇ ਬਾਥਰੂਮ ਵਿਚੋਂ ਪਿਸ਼ਾਬ ਲਿਆ ਕੇ ਮੈਨੂੰ ਪਿਲਾਇਆ। ਉਸ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਜਾਨੋਂ ਮਾਰਨ ਲਈ ਬੁਰੀ ਤਰ੍ਹਾਂ ਕੁੱਟਿਆ ਅਤੇ ਮੈਨੂੰ ਪਿਸ਼ਾਬ ਪਿਲਾਇਆ ਹੈ। ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਡੀ. ਐੱਸ. ਪੀ. ਨੇ ਦੱਸਿਆ ਕਿ ਜਗਮੇਲ ਸਿੰਘ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਗਮੇਲ ਸਿੰਘ ਹਸਪਤਾਲ 'ਚ ਜ਼ੇਰੇ ਇਲਾਜ ਹੈ ਅਤੇ ਦੋਸ਼ੀ ਫਰਾਰ ਹਨ, ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਡੀ. ਐੱਸ. ਪੀ. ਨਾਲ ਥਾਣਾ ਸਿਟੀ ਦੇ ਇੰਚਾਰਜ ਜਗਰੂਪ ਸਿੰਘ ਵੀ ਹਾਜ਼ਰ ਸਨ ।


cherry

Content Editor

Related News