ਨਾਜਾਇਜ਼ ਬਿਲਡਿੰਗਾਂ ਤੇ ਬਿਨਾਂ ਅਪਰੂਵਲ ਕਾਲੋਨੀਆਂ ਦੀ ਜਾਂਚ ਕਰਨ ਦੀ ਮੰਗ

11/17/2017 1:25:11 PM

ਅੰਮ੍ਰਿਤਸਰ (ਅਗਨੀਹੋਤਰੀ) - ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਪੰਜਾਬ ਪਾਰਟੀ ਵੱਲੋਂ ਐੱਮ. ਐੱਲ. ਏ. ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਅਤੇ ਉਪਰੋਕਤ ਪਾਰਟੀ ਦੇ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਵਡਾਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਤਾਪ ਬਾਜ਼ਾਰ ਛੇਹਰਟਾ ਦੀ ਮੇਨ ਸੜਕ 'ਤੇ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਗਾਂਧੀ ਆਸ਼ਰਮ ਦੇ ਨਾਂ ਨਾਲ ਜਾਣੇ ਜਾਂਦੇ ਖਾਦੀ ਉਦਯੋਗ ਨੂੰ ਵੇਚੇ ਜਾਣ 'ਤੇ ਖਰੀਦਦਾਰਾਂ (ਨਵੇਂ ਮਾਲਕਾਂ) ਵੱਲੋਂ ਉਕਤ ਆਸ਼ਰਮ ਦੀ ਥਾਂ 'ਤੇ ਪ੍ਰਾਪਰਟੀ ਡੀਲਰਾਂ ਦੀ ਸਹਾਇਤਾ ਨਾਲ ਪਲਾਟ ਬਣਾ ਕੇ ਰਿਹਾਇਸ਼ੀ ਮਕਾਨਾਂ ਤੇ ਦੁਕਾਨਾਂ ਸਬੰਧੀ ਪਲਾਟ ਨੂੰ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਕਾਲੋਨੀਆਂ ਕੱਟਣ ਲਈ ਸਬੰਧਤ ਵਿਭਾਗਾਂ ਵੱਲੋਂ ਅਪਰੂਵਲ ਦੇਣੀ ਬੰਦ ਕਰ ਦਿੱਤੀ ਗਈ ਸੀ। ਉਕਤ ਥਾਂ 'ਤੇ ਪਲਾਟ ਕੱਟਣ ਦੀ ਅਪਰੂਵਲ ਕਿਸ ਵਿਭਾਗ ਵੱਲੋਂ ਦਿੱਤੀ ਗਈ ਹੈ ਜੋ ਪ੍ਰਾਪਰਟੀ ਦਲਾਲਾਂ ਵੱਲੋਂ ਰਿਹਾਇਸ਼ੀ ਮਕਾਨਾਂ ਤੇ ਦੁਕਾਨਾਂ ਲਈ ਪਲਾਟ ਕੱਟੇ ਜਾ ਰਹੇ ਹਨ। ਕੁਲਵੰਤ ਸਿੰਘ ਵਡਾਲੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਇਕ ਆਰ. ਟੀ. ਆਈ. ਐਕਟੀਵਿਸਟ ਵੱਲੋਂ ਅੰਮ੍ਰਿਤਸਰ 'ਚ ਨਾਜਾਇਜ਼ ਤੌਰ 'ਤੇ ਬਣ ਰਹੀਆਂ ਬਿਲਡਿੰਗਾਂ ਸਬੰਧੀ ਨਗਰ ਨਿਗਮ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ਤੇ ਉਪਰੰਤ ਸਬੰਧਤ ਵਿਭਾਗ ਨੇ ਕਾਰਵਾਈ ਕਰਦਿਆਂ ਨਾਜਾਇਜ਼ ਤੌਰ 'ਤੇ ਬਣ ਰਹੀਆਂ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਕੁਝ ਦਿਨਾਂ ਬਾਅਦ ਹੀ ਉਹ ਸੀਲ ਕੀਤੀਆਂ ਹੋਈਆਂ ਬਿਲਡਿੰਗਾਂ ਕਿਵੇਂ ਬਣਨੀਆਂ ਸ਼ੁਰੂ ਹੋ ਗਈਆਂ, ਜੋ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦਾ ਸੰਕੇਤ ਹੈ।
ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਨਾਜਾਇਜ਼ ਤੌਰ 'ਤੇ ਬਣੀਆਂ ਤੇ ਬਣ ਰਹੀਆਂ ਬਿਲਡਿੰਗਾਂ ਅਤੇ ਬਿਨਾਂ ਅਪਰੂਵਲ ਦੇ ਕੱਟੀਆਂ ਜਾ ਰਹੀਆਂ ਕਾਲੋਨੀਆਂ ਸਬੰਧੀ ਜਾਂਚ ਕਰਵਾਈ ਜਾਵੇ ਤੇ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੈਪਟਨ ਵਿਜੇ ਸ਼ਰਮਾ ਤੇ ਪ੍ਰਦੀਪ ਕੁਮਾਰ ਵੀ ਮੌਜੂਦ ਸਨ।


Related News