ਬਿਜਲੀ ਸੁਰੱਖਿਆ ਲੜੀ ਨੰਬਰ 1 : ਜਾਣੋ ਕਿਵੇਂ ਲਗਾਈਏ ਸੁਰੱਖਿਅਤ 'ਅਰਥ'

Thursday, Oct 15, 2020 - 05:07 PM (IST)

ਜਲੰਧਰ (ਵੈੱਬ ਡੈਸਕ) : ਦੋਸਤੋ ਕਿਸੇ ਵੀ ਘਰੇਲੂ ਜ਼ਿੰਦਗੀ ਅਤੇ ਇੰਡਸਟਰੀ ਦੇ ਚੱਲਣ ਲਈ ਬਿਜਲੀ ਸਭ ਤੋਂ ਅਹਿਮ ਵਿਸ਼ਾ ਹੈ। ਬਿਜਲੀ ਚੱਲਣ ਦੇ ਨਾਲ-ਨਾਲ ਬਿਜਲੀ ਤੋਂ ਸੁਰੱਖਿਆ ਉਸ ਤੋਂ ਵੀ ਵੱਡਾ ਵਿਸ਼ਾ ਹੈ ਕਿਉਂਕਿ ਜਦੋਂ ਵੀ ਬਿਜਲੀ ਨਾਲ ਕੋਈ ਦੁਰਘਟਨਾ ਹੁੰਦੀ ਹੈ ਤਾਂ ਭਾਰੀ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ। ਇਸ ਸਭ ਕੁੱਝ ਤੋਂ ਬਚਣ ਦਾ ਸਭ ਤੋਂ ਨੇੜਲਾ ਤਰੀਕਾ ਹੈ 'ਅਰਥ'-

ਅਰਥ ਬਾਰੇ ਕਿਹਾ ਜਾਂਦਾ ਹੈ ਇਕ ਅਰਥ,ਅਰਥ; ਅਰਥ ਵਰਨਾ ਅਨਰਥ। ਜ਼ਿਆਦਾਤਰ ਲੋਕ ਚਾਲੂ ਕਿਸਮ ਦੀਆਂ ਅਤੇ ਸਸਤੀਆਂ ਅਰਥਾਂ ਕਰਵਾਉਣ ਵਿਚ ਯਕੀਨ ਰੱਖਦੇ ਹਨ।
ਜ਼ਿਆਦਾਤਰ ਘਰਾਂ-ਕੋਠੀਆਂ 'ਚ ਅਰਥ ਕਰਵਾਉਣਾ ਦੂਰ ਦੀ ਗੱਲ, ਫਿਟਿੰਗ 'ਚ ਅਰਥ ਦੀ ਤਾਰ ਵੀ ਨਹੀਂ ਪਾਈ ਹੁੰਦੀ ਜਾਂ ਬਾਅਦ 'ਚ ਇਨਵਰਟਰ ਵਗੈਰਾ ਲਈ ਵਰਤ ਲਈ ਜਾਂਦੀ ਹੈ ਜਦੋਂਕਿ ਇਹ ਸਾਡੀ ਲਾਈਫ਼ ਲਾਈਨ ਤਾਰ ਹੁੰਦੀ ਹੈ। ਫਿਟਿੰਗ 'ਚ ਇਸ ਤਾਰ ਦਾ ਰੰਗ ਹਰਾ ਹੁੰਦਾ ਹੈ ਅਤੇ ਤਕਰੀਬਨ ਇਸ ਨੂੰ ਫਾਲਤੂ ਫਾਰਮੇਲਟੀ ਸਮਝ ਕੇ ਹੀ ਪਾਇਆ ਜਾਂਦਾ ਹੈ। ਜਦੋਂਕਿ ਅਰਥ ਦੀ ਮਹੱਤਤਾ ਏਨੀ ਕੁ ਹੈ ਕਿ ਛੋਟੀ ਤੋਂ ਛੋਟੀ ਮਸ਼ੀਨ ਲਈ ਵੀ ਘੱਟੋ ਘੱਟ ਦੋ ਅਰਥਾਂ ਜ਼ਰੂਰੀ ਹੁੰਦੀਆਂ ਹਨ ਤਾਂ ਕਿ ਇੱਕ ਅਰਥ ਫ਼ੇਲ੍ਹ ਹੋਣ ਦੀ ਸੂਰਤ 'ਚ ਦੂਜੀ ਅਰਥ ਕੰਮ ਸੰਭਾਲ ਲਵੇ। ਕਿਸੇ ਵੀ ਸਮੇਂ ਮਸ਼ੀਨ ਤੋਂ ਅਰਥ ਦੀ ਗ਼ੈਰ-ਹਾਜ਼ਰੀ ਨਹੀਂ ਹੋਣੀ ਚਾਹੀਦੀ। ਅਰਥਾਂ ਨੂੰ ਸਮੇ-ਸਮੇਂ ਸਿਰ (ਘੱਟੋ-ਘੱਟ ਸਾਲ ਵਿੱਚ ਇੱਕ ਵਾਰ) ਅਰਥ ਟੈਸਟਰ ਨਾਲ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਅਰਥ ਦੀ ਰੀਡਿੰਗ ਚਾਰ ਓਹਮ ਤੋਂ ਕਦੇ ਵੱਧ ਨਹੀਂ ਹੋਣੀ ਚਾਹੀਦੀ। ਹਰ ਮਹੀਨੇ ਅਰਥਾਂ ਨੂੰ ਪਾਣੀ ਨਾਲ ਰਿਚਾਰਜ ਕਰਦੇ ਰਹਿਣਾ ਚਾਹੀਦਾ ਹੈ।

PunjabKesari
ਹਰ ਇੱਕ ਘਰੇਲੂ ਉਪਕਰਣ ( ਪ੍ਰੈਸ, ਪੱਖੇ, ਕੂਲਰ, ਮਿਕਸੀ, ਫਰਿੱਜ, ਏ. ਸੀ. ਅਤੇ ਹੋਰ ਸਾਰੀਆਂ ਵਸਤੂਆਂ ਜਿਨ੍ਹਾਂ ਵਿਚ ਬਾਡੀ ਲੋਹੇ, ਐਲਮੀਨੀਅਮ ਜਾਂ ਕਿਸੇ ਹੋਰ ਧਾਤ ਦੀ ਬਣੀ ਹੋਵੇ )ਵਿੱਚ ਤਿੰਨ ਤਾਰਾਂ ਦੀ ਸਪਲਾਈ ਹੁੰਦੀ ਹੈ ਜਿਨ੍ਹਾਂ ਵਿੱਚੋਂ ਇੱਕ ਹਰੇ ਰੰਗ ਦੀ ਤਾਰ ਅਰਥ ਲਈ ਹੁੰਦੀ ਹੈ। ਤਿੰਨ ਪਿੰਨ ਟਾਪ ਵਿੱਚੋਂ ਉੱਪਰਲੀ ਤੇ ਮੋਟੀ ਪਿੰਨ ਅਰਥ ਲਈ ਹੁੰਦੀ ਹੈ, ਜੋ ਕਿ ਇਹ ਦਿਖਾਉਂਦੀ ਹੈ ਕਿ ਇਹ ਤਾਰ ਦੀ ਕਿੰਨੀ ਕੁ ਮਹੱਤਤਾ ਹੈ, ਜਿਸ ਨੂੰ ਕਿ ਅਸੀਂ ਅਕਸਰ ਹੀ ਕੱਟ ਕੇ ਦੋ ਪਿੰਨ ਵਾਲਾ ਟਾਪ ਲਗਾ ਦਿੰਦੇ ਹਾਂ ਅਤੇ ਆਪਣੀ ਮੌਤ ਸਹੇੜਦੇ ਹਾਂ। ਦੋ ਪਿੰਨ ਵਾਲਾ ਟਾਪ ਸਿਰਫ਼ ਓਥੇ ਲੱਗ ਸਕਦਾ ਹੈ, ਜਿਥੇ ਕਿ ਉਪਕਰਣ ਹੱਥ ਦੀ ਪਹੁੰਚ ਤੋਂ ਬਾਹਰ ਹੋਵੇ। ਜਿਵੇਂ ਕੰਧ ਤੇ ਲਟਕਦਾ ਬੱਲਬ।

PunjabKesari

ਘਰ ਦੇ ਵਿੱਚ ਚੰਗੀ ਇੱਕ ਅਰਥ ਵੀ ਕਾਫ਼ੀ ਹੈ ਜੋ ਕਿ ਵੀਹ ਕੁ ਫੁੱਟ ਟੋਆ, ਬਾਂਸਬੋਕੀ Post Hole Digger (ਇਹ ਟੂਲ ਨਲਕੇ ਲਾਉਣ ਵਾਲਿਆਂ ਪਾਸ ਹੁੰਦਾ ਹੈ) ਨਾਲ ਕੱਢ ਕੇ, ਵਿਚਕਾਰ ਪੰਦਰਾਂ ਕੁ ਫੁੱਟ ਦਾ ਇਲੈੱਕਟ੍ਰੋਡ, ਜਿਸ ਉਪਰ ਕਾਪਰ ਜਾਂ ਜਿੰਕ ਕੋਟਿੰਗ ਹੋਈ ਹੁੰਦੀ ਹੈ, ਇਹ ਇਲੈਕਟ੍ਰੋਡ ਬਿਜਲੀ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਹੈ, ਟੋਏ ਵਿਚ ਰੱਖ ਕੇ ਆਲੇ ਦੁਆਲੇ 50 ਕਿਲੋ ਦੇ ਆਸ ਪਾਸ ਅਰਥ ਕੰਪਾਊਂਡ (ਇਹ ਵੱਖ-ਵੱਖ ਕੰਪਨੀਆਂ ਦੀ ਮਿਲਦੀ ਹੈ) ਪਾਣੀ ਨਾਲ ਗਾੜਾ ਘੋਲ ਬਣਾ ਕੇ ਪਾ ਦਿੱਤੀ ਜਾਵੇ। ਬਾਕੀ ਬਚਦੇ ਟੋਏ ਵਿਚ ਰੇਤਾ ਭਰ ਦਿੱਤਾ ਜਾਵੇ । ਇਲੈਕਟ੍ਰੋਡ ਦੇ ਨਾਲ ਹੀ ਇੱਕ ਅੱਧੀ ਕੁ ਇੰਚ ਦੀ ਪਾਈਪ ਦਸ ਫੁੱਟ ਡੂੰਘੀ ਰੱਖ ਕੇ ਉਪਰੋਂ ਢੱਕਣ (ਸੋਕਟ) ਲਗਾ ਦਿੱਤਾ ਜਾਵੇ। ਇਸ ਪਾਈਪ ਵਲੋਂ ਗਰਮੀਆਂ 'ਚ ਮਹੀਨੇ ਕੁ ਦੇ ਸਮੇਂ ਬਾਅਦ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਲੈਕਟ੍ਰੋਡ ਪਾਸ ਨਮੀ ਬਣੀ ਰਹਿ ਸਕੇ ਤਾਂ ਕਿ ਅਰਥ ਆਪਣਾ ਕੰਮ ਬਿਹਤਰ ਕਰ ਸਕੇ। ਕਈ ਲੋਕ ਅਰਥ ਉਪਰ ਬਿਜਲੀ ਚੋਰੀ ਵਗੈਰਾ ਕਰਨ ਦੇ ਮਕਸਦ ਨਾਲ ਲੋਡ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਬਹੁਤ ਹੀ ਖ਼ਤਰਨਾਕ ਹੈ। ਇਸ ਨਾਲ ਅਰਥ ਦੀ ਨਮੀ ਵੀ ਬਹੁਤ ਤੇਜ਼ੀ ਨਾਲ ਘਟਦੀ ਹੈ ਅਤੇ ਅਰਥ ਕੰਮ ਕਰਨਾ ਬੰਦ ਕਰ ਸਕਦੀ ਹੈ। ਬੱਸ ਅਰਥ ਮਹਿਜ਼ ਬਿਨਾਂ ਗੋਲੀ ਦੀ ਬੰਦੂਕ ਬਣ ਕੇ ਰਹਿ ਜਾਂਦੀ ਹੈ ਜੋ ਮੌਕਾ ਪੈਣ ਤੇ ਨਹੀਂ ਚਲਦੀ। ਬਾਕੀ ਅਗਲੇ ਵੀਰਵਾਰ... 
ਜੈਸਿੰਘ ਕੱਕੜਵਾਲ
ਨੰਬਰ 9815026985


Anuradha

Content Editor

Related News