ਵੱਡੀ ਵਾਰਦਾਤ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਪੈਰੀ ਦਾ ਗੋਲੀਆਂ ਮਾਰ ਕੇ ਕਤਲ
Tuesday, Dec 02, 2025 - 08:18 AM (IST)
ਚੰਡੀਗੜ੍ਹ (ਸੁਸ਼ੀਲ) - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦਾ ਸੈਕਟਰ-26 ਟਿੰਬਰ ਮਾਰਕੀਟ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਹੈ। ਕਾਰ ਸਵਾਰ ਤਿੰਨ ਹਮਲਾਵਰਾਂ ਨੇ ਪੈਰੀ ’ਤੇ 10 ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ 2 ਗੱਡੀ ਦੇ ਬੋਨਟ ’ਤੇ ਲੱਗੀਆਂ ਅਤੇ 2 ਸ਼ੀਸ਼ੇ ਤੇ ਪੈਰੀ ਦੀ ਛਾਤੀ ’ਚ ਲੱਗੀਆਂ। ਇਸ ਤੋਂ ਬਾਅਦ ਮੌਕਾ ਮਿਲਦਿਆਂ ਹੀ ਹਮਲਾਵਰ ਕਾਰ ਲੈ ਕੇ ਭੱਜ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕਾਂ ਨੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਖ਼ੂਨ ’ਚ ਲੱਥਪੱਥ ਪੈਰੀ ਨੂੰ ਪੀ. ਜੀ. ਆਈ. ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ - ਵਰਮਾਲਾ ਦੇ ਤੁਰੰਤ ਬਾਅਦ ਲਾੜੀ ਨੇ ਚਾੜ੍ਹ 'ਤਾ ਅਜਿਹਾ ਚੰਨ, ਚਾਰੇ-ਪਾਸੇ ਮਚੀ ਹਫ਼ੜਾ-ਦਫ਼ੜੀ
ਜਾਣਕਾਰੀ ਮੁਤਾਬਕ ਪੈਰੀ ਸੈਕਟਰ-33 ’ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਈ. ਜੀ. ਪੁਸ਼ਪਿੰਦਰ, ਐੱਸ. ਐੱਸ. ਪੀ. ਕੰਵਰਦੀਪ ਕੌਰ ਸਮੇਤ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਮੁੱਢਲੀ ਜਾਂਚ ’ਚ ਚੰਡੀਗੜ੍ਹ ਪੁਲਸ ਨੂੰ ਗੈਂਗਵਾਰ ਲੱਗ ਰਹੀ ਹੈ। ਇੰਦਰਪ੍ਰੀਤ ਸਿੰਘ ਪੈਰੀ ਲਾਰੈਂਸ ਗੈਂਗ ਦਾ ਵੀ ਕਰੀਬੀ ਹੈ। ਉਸ ਦਾ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਵੀ ਸੰਪਰਕ ਸੀ। ਲਾਰੈਂਸ ਬਿਸ਼ਨੋਈ ਗੈਂਗ ਦੀ ਦੁਸ਼ਮਣੀ ਬੰਬੀਹਾ ਗਰੁੱਪ ਨਾਲ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਸੈਕਟਰ-26 ਥਾਣਾ ਪੁਲਸ ਨੇ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸੈਕਟਰ-33 ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ ਪੈਰੀ ਸੋਮਵਾਰ ਸ਼ਾਮ ਕਰੀਬ ਸਾਢੇ 6 ਵਜੇ ਗੱਡੀ ਨੰਬਰ ਸੀ. ਐੱਚ. 01ਸੀ. ਐਕਸ 7605 ’ਚ ਤੇਜ਼ ਰਫ਼ਤਾਰ ਨਾਲ ਸੈਕਟਰ-26 ਟਿੰਬਰ ਮਾਰਕੀਟ ਪਹੁੰਚਿਆ। ਪੈਰੀ ਦਾ ਪਿੱਛਾ ਕਰ ਰਹੇ ਕਰੇਟਾ ਕਾਰ ਸਵਾਰਾਂ ਨੇ ਅਚਾਨਕ ਪੈਰੀ ਦੀ ਗੱਡੀ ਅੱਗੇ ਕਾਰ ਲਾ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਦੌਰਾਨ ਹਮਲਾਵਰਾਂ ਨੇ ਪੈਰੀ ਨੂੰ ਖਿੜਕੀ ਖੋਲ੍ਹਣ ਦਾ ਮੌਕਾ ਵੀ ਨਹੀਂ ਦਿੱਤਾ। ਤਿੰਨ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ 10 ਗੋਲੀਆਂ ਚਲਾਈਆਂ।
ਇਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਇਕ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਸ ਟੀਮਾਂ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਫਾਰੈਂਸਿਕ ਟੀਮ ਨੇ ਸੜਕ ’ਤੇ ਡਿੱਗੇ 5 ਰਾਊਂਡ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਕਾਰ ’ਤੇ ਲੱਗੀਆਂ ਗੋਲੀਆਂ ਤੇ ਖ਼ੂਨ ਦੇ ਨਮੂਨੇ ਵੀ ਜ਼ਬਤ ਕੀਤੇ।
