Chandra Grahan 2023: ਭਾਰਤ 'ਚ ਅੱਜ ਰਾਤ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋ ਸਮਾਂ

Saturday, Oct 28, 2023 - 03:15 PM (IST)

ਜਲੰਧਰ - ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਲੱਗਾ ਸੀ। ਕੁਝ ਸਮੇਂ ਬਾਅਦ ਹੀ ਸਾਲ ਦਾ ਦੂਜਾ ਅਤੇ ਆਖ਼ਰੀ ਚੰਨ ਗ੍ਰਹਿਣ ਲੱਗਣ ਜਾ ਰਿਹਾ ਹੈ। ਜੋਤਿਸ਼ਾਂ ਅਨੁਸਾਰ ਸਾਲ ਦਾ ਆਖਰੀ ਚੰਦਰ ਗ੍ਰਹਿਣ 28-29 ਅਕਤੂਬਰ, 2023 ਦੀ ਰਾਤ ਨੂੰ ਲੱਗੇਗਾ। ਜਦੋਂ ਸੂਰਜ ਅਤੇ ਚੰਦਰਮਾ ਦੇ ਵਿਚਾਲੇ ਧਰਤੀ ਆ ਜਾਂਦੀ ਹੈ ਤਾਂ ਚੰਦਰ ਨੂੰ ਗ੍ਰਹਿਣ ਲੱਗਦਾ ਹੈ। ਵਿਗਿਆਨ ਅਨੁਸਾਰ ਇਹ ਸਿਰਫ਼ ਇਕ ਖਗੋਲੀ ਘਟਨਾ ਹੈ ਪਰ ਧਾਰਮਿਕ ਸ਼ਾਸਤਰਾਂ 'ਚ ਇਸ ਨੂੰ ਬਹੁਤ ਮਹਤਵਪੂਰਣ ਮੰਨਿਆ ਗਿਆ ਹੈ। 

ਚੰਦਰ ਗ੍ਰਹਿਣ ਦਾ ਸਮਾਂ
ਸਾਲ ਦਾ ਦੂਜਾ ਅਤੇ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਦੀ ਰਾਤ ਤੇ 29 ਅਕਤੂਬਰ ਦਿਨ ਐਤਵਾਰ ਨੂੰ ਤੜਕਸਾਰ ਲੱਗੇਗਾ। ਇਹ ਗ੍ਰਹਿਣ ਰਾਤ ਦੇ 11.32 ਵਜੇ ਸ਼ੁਰੂ ਹੋਵੇਗਾ, ਜੋ 3.36 ਵਜੇ ਸਮਾਪਤ ਹੋ ਜਾਵੇਗਾ। ਇਸ ਗ੍ਰਹਿਣ ਦੀ ਖ਼ਾਸ ਗੱਲ ਇਹ ਹੈ ਕਿ ਇਹ ਭਾਰਤ 'ਚ ਵੀ ਦਿਖਾਈ ਦੇਵੇਗਾ। ਪਿਛਲਾ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦਿੱਤਾ ਸੀ। ਸੂਤਕ ਕਾਲ ਹੋਣ ਕਾਰਨ ਸਾਰੇ ਸ਼ੁੱਭ ਕੰਮਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। 

ਭਾਰਤ ਸਣੇ ਇਨ੍ਹਾਂ ਦੇਸ਼ਾਂ 'ਚ ਵਿਖਾਈ ਦੇਵੇਗਾ ਚੰਦਰ ਗ੍ਰਹਿਣ
ਸਾਲ ਦਾ ਆਖਰੀ ਚੰਦਰ ਗ੍ਰਹਿਣ ਭਾਰਤ ਵਿੱਚ ਵਿਖਾਈ ਦੇਵੇਗਾ। ਭਾਰਤ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਭੂਟਾਨ, ਚੀਨ, ਮੰਗੋਲੀਆ, ਈਰਾਨ, ਰੂਸ, ਕਜ਼ਾਕਿਸਤਾਨ, ਸਾਊਦੀ ਅਰਬ, ਸੂਡਾਨ, ਇਰਾਕ, ਤੁਰਕੀ, ਪੋਲੈਂਡ, ਅਲਜੀਰੀਆ, ਜਰਮਨੀ, ਇਟਲੀ, ਫਰਾਂਸ, ਨਾਰਵੇ ਆਦਿ ਦੇਸ਼ਾਂ 'ਚ ਵੀ ਦਿਖਾਈ ਦੇਵੇਗਾ। 

ਦੱਸ ਦੇਈਏ ਕਿ ਚੰਦਰ ਗ੍ਰਹਿਣ 3 ਤਰ੍ਹਾਂ ਦਾ ਹੁੰਦਾ ਹੈ। ਅੰਸ਼ਿਕ ਚੰਦਰ ਗ੍ਰਹਿਣ, ਪੂਰਨ ਚੰਦਰ ਗ੍ਰਹਿਣ ਅਤੇ ਉਪਛਾਇਆ ਚੰਦਰ ਗ੍ਰਹਿਣ। ਜਦੋਂ ਧਰਤੀ, ਸੂਰਜ ਅਤੇ ਚੰਦਰਮਾ ਤਿੰਨੇ ਇਕੋ ਸੇਧ 'ਚ ਆ ਜਾਣ ਤਾਂ ਧਰਤੀ ਪੂਰੀ ਤਰ੍ਹਾਂ ਚੰਦਰਮਾ ਨੂੰ ਢੱਕ ਲੈਂਦੀ ਹੈ, ਜਿਸ ਕਾਰਨ ਸੂਰਜ ਦੀ ਰੌਸ਼ਨੀ ਚੰਦਰਮਾ 'ਤੇ ਨਹੀਂ ਪਹੁੰਚਦੀ। ਇਸ ਸਮੇਂ ਪੂਰਨ ਚੰਦਰ ਗ੍ਰਹਿਣ ਲੱਗਦਾ ਹੈ। ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਧਰਤੀ ਦੇ ਆ ਜਾਣ ਕਾਰਨ ਚੰਦਰਮਾ 'ਤੇ ਥੋੜ੍ਹੀ ਰੌਸ਼ਨੀ ਪਹੁੰਚਦੀ ਹੈ ਤਾਂ ਇਸ ਸਮੇਂ ਅੰਸ਼ਿਕ ਚੰਦਰ ਗ੍ਰਹਿਣ ਲੱਗਦਾ ਹੈ। ਗ੍ਰਹਿਣ ਲੱਗਣ ਤੋਂ ਪਹਿਲਾਂ ਚੰਦਰਮਾ ਧਰਤੀ ਦੇ ਪਰਛਾਵੇਂ 'ਚ ਆਉਂਦਾ ਹੈ, ਜਿਸ ਨੂੰ ਅੰਗਰੇਜ਼ੀ 'ਚ ਪੇਨੰਬਰਾ ਕਿਹਾ ਜਾਂਦਾ ਹੈ। ਜਦੋਂ ਚੰਨ ਪੇਨੰਬਰਾ 'ਚ ਦਾਖਲ ਹੋ ਕੇ ਬਾਹਰ ਨਿਕਲ ਆਵੇ ਤਾਂ ਇਸ ਨੂੰ ਉਪਛਾਇਆ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਇਸ 'ਚ ਚੰਦਰਮਾ ਦੀ ਬਨਾਵਟ 'ਤੇ ਕੋਈ ਫਰਕ ਨਹੀਂ ਪੈਂਦਾ, ਬਸ ਉਸ 'ਚ ਧੁੰਦਲਾਪਨ ਆ ਜਾਂਦਾ ਹੈ।


rajwinder kaur

Content Editor

Related News