ਗੁਜਰਾਤ ’ਚ ਜ਼ਮੀਨ ਦਿਵਾਉਣ ਦੇ ਨਾਂ ’ਤੇ ਪਿਓ-ਪੁੱਤਰ ਨੇ ਠੱਗੇ ਸਾਢੇ 18 ਲੱਖ

Sunday, Jun 26, 2022 - 06:10 PM (IST)

ਗੁਜਰਾਤ ’ਚ ਜ਼ਮੀਨ ਦਿਵਾਉਣ ਦੇ ਨਾਂ ’ਤੇ ਪਿਓ-ਪੁੱਤਰ ਨੇ ਠੱਗੇ ਸਾਢੇ 18 ਲੱਖ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਕੋਟਲਾ ਰਾਏਕਾ ਨਿਵਾਸੀ ਕਿਸਾਨ ਬਲਵੀਰ ਸਿੰਘ ਨੂੰ ਗੁਜਰਾਤ ਵਿਚ ਸਸਤੇ ਮੁੱਲ ਦੀ ਜ਼ਮੀਨ ਲੈ ਕੇ ਦੇਣ ਦਾ ਝਾਂਸਾ ਦੇ ਕੇ ਪਿਉ-ਪੁੱਤਰ ਵੱਲੋਂ ਸਾਢੇ 18 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ ਉਹ ਇਕ ਧਾਰਮਿਕ ਅਸਥਾਨ ’ਤੇ ਜਾਂਦਾ ਸੀ, ਜਿੱਥੇ ਉਸਦੀ ਮੁਲਾਕਾਤ 2015 ’ਚ ਮੁਲਜ਼ਮ ਭੁਪਿੰਦਰ ਸਿੰਘ ਅਤੇ ਉਸਦੇ ਬੇਟੇ ਗੁਰਦੀਪ ਸਿੰਘ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਨਾਲ ਹੋਈ, ਜਿਨ੍ਹਾਂ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਗੁਜਰਾਤ ਵਿਚ ਜ਼ਮੀਨ ਹੈ।

ਅਸੀਂ ਤੁਹਾਨੂੰ ਵੀ ਸਸਤੇ ਮੁੱਲ ਕਰੀਬ ਢਾਈ ਲੱਖ ਰੁਪਏ ਏਕੜ ਦੇ ਹਿਸਾਬ ਨਾਲ 7-8 ਕਿੱਲੇ ਜ਼ਮੀਨ ਲੈ ਦੇਵਾਂਗੇ। ਧਾਰਮਿਕ ਅਸਥਾਨ ’ਤੇ ਆਉਣ ਜਾਣ ਕਰਕੇ ਮੈਂ ਉਨ੍ਹਾਂ ’ਤੇ ਵਿਸ਼ਵਾਸ ਕਰ ਲਿਆ ਅਤੇ ਮੈਂ ਆਪਣੀ ਪੌਣੇ 7 ਕਨਾਲ ਜ਼ਮੀਨ ਵੇਚ ਕੇ ਉਨ੍ਹਾਂ ਨੂੰ ਸਾਢੇ 18 ਲੱਖ ਰੁਪਏ ਦੇ ਦਿੱਤੇ ਅਤੇ ਉਹ ਮੈਨੂੰ ਆਪਣੇ ਨਾਲ ਗੁਜਰਾਤ ਲੈ ਗਏ, ਜਿੱਥੇ ਉਨ੍ਹਾਂ ਮੈਨੂੰ ਜ਼ਮੀਨ ਦਿਖਾਈ ਅਤੇ ਕਿਹਾ ਕਿ ਆਪਾਂ ਇੱਥੇ ਰਲ-ਮਿਲ ਕੇ ਖੇਤੀ ਕਰ ਲੈਂਦੇ ਹਾਂ, ਜਦੋਂ ਚੰਗੀ ਜ਼ਮੀਨ ਮਿਲ ਗਈ ਤਾਂ ਤੈਨੂੰ ਲੈ ਦੇਵਾਂਗੇ। ਮੈਂ ਉਥੇ ਕਰੀਬ ਢਾਈ ਸਾਲ ਰਿਹਾ ਪਰ ਉਨ੍ਹਾਂ ਮੈਨੂੰ ਜ਼ਮੀਨ ਨਾ ਲੈ ਕੇ ਦਿੱਤੀ ਅਤੇ ਲਾਰੇ ਲੱਪੇ ਲਗਾਉਣ ਲੱਗ ਪਏ। ਆਖਿਰ ਮੈਨੂੰ ਗੁਜਰਾਤ ਵਿਚੋਂ ਵਾਪਸ ਆਉਣਾ ਪਿਆ।

ਉਕਤ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਮੇਰੇ ਨਾਲ ਪਿਉ-ਪੁੱਤਰ ਨੇ ਕਥਿਤ ਮਿਲੀਭੁਗਤ ਕਰ ਕੇ ਸਾਢੇ 18 ਲੱਖ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਬਾਘਾ ਪੁਰਾਣਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਥਾਣਾ ਬਾਘਾ ਪੁਰਾਣਾ ਵਿਚ ਦੋਸ਼ੀਆਂ ਭੁਪਿੰਦਰ ਸਿੰਘ ਅਤੇ ਉਸਦੇ ਬੇਟੇ ਗੁਰਦੀਪ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News