ਮਹਿਲਾ ਪੀ. ਸੀ. ਐੱਸ. ਅਧਿਕਾਰੀ ਨੇ ਆਈ. ਏ. ਐੱਸ. ਅਧਿਕਾਰੀ ''ਤੇ ਲਾਏ ਜਿਣਸੀ ਸ਼ੋਸ਼ਣ ਦੇ ਦੋਸ਼
Wednesday, Jan 29, 2020 - 02:50 PM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਦੀ ਇਕ ਮਹਿਲਾ ਪੀ. ਸੀ. ਐੱਸ. ਅਧਿਕਾਰੀ ਨੇ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ 'ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਮਹਿਲਾ ਅਧਿਕਾਰੀ ਨੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਹੈ ਅਤੇ ਇਸ ਤੋਂ ਬਾਅਦ ਮਾਮਲਾ ਮੁੱਖ ਮੰਤਰੀ ਤੱਕ ਵੀ ਪਹੁੰਚ ਚੁੱਕਿਆ ਹੈ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਸ਼ਿਕਾਇਤ ਦੀ ਜਾਣਕਾਰੀ ਮਿਲਣ 'ਤੇ ਖੁਦ ਹੀ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇਸ ਸਬੰਧੀ ਮੁੱਖ ਸਕੱਤਰ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ।
ਮਹਿਲਾ ਅਧਿਕਾਰੀ ਵਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਧਿਆਨ 'ਚ ਮਾਮਲਾ ਲਿਆ ਕੇ ਅਗਲੀ ਕਾਰਵਾਈ ਲਈ ਆਗਿਆ ਮੰਗੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾ ਪੀ. ਸੀ. ਐੱਸ. ਅਧਿਕਾਰੀ ਵਲੋਂ ਕੀਤੀ ਗਈ ਸ਼ਿਕਾਇਤ 'ਚ ਦੋਸ਼ ਲਾਏ ਗਏ ਹਨ ਕਿ ਆਈ. ਏ. ਐੱਸ. ਅਧਿਕਾਰੀ ਵਲੋਂ ਉਸ ਨੂੰ ਕਈ ਵਾਰ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਕੁਮੈਂਟ ਕੀਤੇ ਗਏ ਤੇ ਸਰੀਰਕ ਛੇੜਛਾੜ ਦੇ ਇਰਾਦੇ ਨਾਲ ਗੱਲਬਾਤ ਦੌਰਾਨ ਕਈ ਤਰ੍ਹਾਂ ਦੇ ਸ਼ਬਦ ਬੋਲੇ ਗਏ। ਜਿਸ ਆਈ. ਏ. ਐੱਸ. ਅਧਿਕਾਰੀ 'ਤੇ ਦੋਸ਼ ਲਾਏ ਗਏ ਹਨ, ਉਹ ਇਕ ਵਿਭਾਗ 'ਚ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ।