ਪੱਥਰ ਲਾਉਣ ਦਾ ਕੰਮ ਕਰਦੇ ਪ੍ਰਵਾਸੀ ਕਾਰੀਗਰ ਨੇ ਲਿਆ ਫਾਹਾ

Saturday, Apr 29, 2023 - 06:18 PM (IST)

ਪੱਥਰ ਲਾਉਣ ਦਾ ਕੰਮ ਕਰਦੇ ਪ੍ਰਵਾਸੀ ਕਾਰੀਗਰ ਨੇ ਲਿਆ ਫਾਹਾ

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਵਿਖੇ ਪੱਥਰ ਲਾਉਣ ਦਾ ਕੰਮ ਕਰਦੇ ਇਕ ਪ੍ਰਵਾਸੀ ਕਾਰੀਗਰ ਵੱਲੋਂ ਆਪਣੇ ਕਿਰਾਏ ਦੇ ਘਰ ’ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਇਕ 32 ਸਾਲਾ ਪ੍ਰਵਾਸੀ ਚਰੰਜੀ ਲਾਲ ਪੁੱਤਰ ਘਣਸ਼ਿਆਮ ਲਾਲ ਵਾਸੀ ਪਿੰਡ ਨਿਬੇੜ ਜ਼ਿਲ੍ਹਾ ਸਿੱਕਰ ਰਾਜਸਥਾਨ ਜੋ ਕਿ ਹੁਣ ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਚਾਰ ਖੰਭਾ ਮਾਰਕੀਟ ਨੇੜੇ ਇਕ ਘਰ ’ਚ ਆਪਣੇ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦਾ ਸੀ ਅਤੇ ਸ਼ਹਿਰ ’ਚ ਕਾਫੀ ਸਮੇਂ ਤੋਂ ਪੱਥਰ ਲਾਉਣ ਦਾ ਕੰਮ ਕਰਦਾ ਸੀ ਦੀ ਅੱਜ ਉਸਦੇ ਕਮਰੇ ’ਚ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਉਸਦੇ ਮਕਾਨ ਮਾਲਕ ਨੇ ਚਰੰਜੀ ਲਾਲ ਨੂੰ ਇਸ ਹਾਲਤ ’ਚ ਦੇਖ ਕੇ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਮੌਕੇ ’ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਸਥਾਨਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। 

ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਹੈ ਕਿ ਮ੍ਰਿਤਕ ਆਪਣੇ ਪਰਿਵਾਰ ਸਮੇਤ ਵਿਆਹ ਸਮਾਗਮ ’ਚ ਭਾਗ ਲੈਣ ਲਈ ਰਾਜਸਥਾਨ ਵਿਖੇ ਗਿਆ ਹੋਇਆ ਸੀ ਤੇ ਦੋ ਦਿਨ ਪਹਿਲਾਂ ਹੀ ਮ੍ਰਿਤਕ ਰਾਜਸਥਾਨ ਤੋਂ ਇਕੱਲਾ ਵਾਪਸ ਆਇਆ ਹੈ ਤੇ ਉਸਦਾ ਬਾਕੀ ਪਰਿਵਾਰ ਅਜੇ ਰਾਜਸਥਾਨਕ ਵਿਖੇ ਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ ਤੇ ਲਾਸ਼ ਨੇੜਿਓਂ ਕੋਈ ਵੀ ਸੁਸਾਇਡ ਨੋਟ ਵਗੈਰਾ ਬਰਾਮਦ ਨਹੀਂ ਹੋਇਆ। ਉਨ੍ਹਾਂ ਇਸ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸੰਗਰੂਰ ਮੋਰਚਰੀ ਵਿਖੇ ਰੱਖਵਾ ਦਿੱਤਾ ਗਿਆ ਹੈ ਤੇ ਇਸ ਪਰਿਵਾਰ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Gurminder Singh

Content Editor

Related News