ਕਿਚਨ ''ਚ ਪੀਤੀ ਸ਼ਰਾਬ, ਫਿਰ ਚੋਰੀ ਕੀਤੇ ਗਹਿਣੇ ਤੇ 5.25 ਲੱਖ ਕੈਸ਼

Tuesday, Jun 12, 2018 - 05:20 AM (IST)

ਕਿਚਨ ''ਚ ਪੀਤੀ ਸ਼ਰਾਬ, ਫਿਰ ਚੋਰੀ ਕੀਤੇ ਗਹਿਣੇ ਤੇ 5.25 ਲੱਖ ਕੈਸ਼

ਚੰਡੀਗੜ੍ਹ, (ਸੁਸ਼ੀਲ)- ਬਿਜ਼ਨੈੱਸਮੈਨ ਦੀ ਸੈਕਟਰ-11 ਸਥਿਤ ਕੋਠੀ ਦਾ ਸ਼ੀਸ਼ਾ ਤੋੜ ਕੇ ਚੋਰ ਪੰਜ ਲੱਖ 25 ਹਜ਼ਾਰ ਕੈਸ਼, ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਵਾਰਦਾਤ ਦੇ ਸਮੇਂ ਬਿਜ਼ਨੈੱਸਮੈਨ ਨਵਾਂਸ਼ਹਿਰ ਗਿਆ ਹੋਇਆ ਸੀ। ਚੋਰਾਂ ਨੇ ਚੋਰੀ ਕਰਨ ਦੌਰਾਨ ਕਿਚਨ 'ਚ ਸ਼ਰਾਬ ਪੀਤੀ। ਕੇਅਰ ਟੇਕਰ ਨੇ ਸ਼ੀਸ਼ਾ ਟੁੱਟਿਆ ਵੇਖ ਚੋਰੀ ਦੀ ਸੂਚਨਾ ਮਾਲਕ ਨੂੰ ਦਿੱਤੀ। ਇਸ ਦੌਰਾਨ ਬਿਜ਼ਨੈੱਸਮੈਨ ਰਾਜਕੁਮਾਰ ਸਿੰਘ ਅਟਵਾਲ ਚੰਡੀਗੜ੍ਹ ਪੁੱਜੇ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਮੌਕੇ ਸੈਕਟਰ-11 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਫਾਰੈਂਸਿਕ ਟੀਮ ਨੂੰ ਬੁਲਾ ਕੇ ਫਿੰਗਰ ਪ੍ਰਿੰਟ ਹਾਸਲ ਕੀਤੇ। ਸੈਕਟਰ-11 ਥਾਣਾ ਪੁਲਸ ਨੇ ਬਿਜ਼ਨੈੱਸਮੈਨ ਰਾਜਕੁਮਾਰ ਸਿੰਘ ਅਟਵਾਲ ਦੀ ਸ਼ਿਕਾਇਤ 'ਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  
ਸੈਕਟਰ-11 ਸਥਿਤ ਕੋਠੀ ਨੰ. 644 ਨਿਵਾਸੀ ਬਿਜ਼ਨੈੱਸਮੈਨ ਰਾਜਕੁਮਾਰ ਸਿੰਘ ਅਟਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 7 ਜੂਨ ਨੂੰ ਉਹ ਨਵਾਂਗਰਾਓਂ ਸਥਿਤ ਪਿੰਡ 'ਚ ਗਿਆ ਸੀ। ਕੋਠੀ ਦੀ ਦੇਖ-ਭਾਲ ਦੇ ਕੇਅਰ ਟੇਕਰ ਮੌਜੂਦ ਸੀ। 9 ਜੂਨ ਦੀ ਸਵੇਰੇ ਕੇਅਰ ਟੇਕਰ ਦਾ ਫੋਨ ਆਇਆ। ਉਸਨੇ ਕਿਹਾ ਕਿ ਪਾਰਕ ਵਾਲੀ ਪਾਸੇ ਜਗ੍ਹਾ ਤੋਂ ਕੋਠੀ ਦੇ ਉਪਰ ਸ਼ੀਸ਼ਾ ਟੁੱਟਿਆ ਹੋਇਆ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਨਵਾਂਸ਼ਹਿਰ ਤੋਂ ਚੰਡੀਗੜ੍ਹ ਪੁੱਜੇ, ਜਦੋਂ ਉਹ ਕੋਠੀ ਅੰਦਰ ਗਏ ਤਾਂ ਦੋ ਬੈੱਡਰੂਮ 'ਚ ਸਾਮਾਨ ਖਿੱਲਰਿਆ ਹੋਇਆ ਸੀ। ਡਿਜ਼ੀਟਲ ਲਾਕਰ 'ਚੋਂ ਪੰਜ ਲੱਖ 25 ਹਜ਼ਾਰ ਨਕਦੀ ਗਾਇਬ ਸੀ। 15 ਤੋਲੇ ਸੋਨੇ ਦੇ ਗਹਿਣੇ, 100 ਚਾਂਦੀ ਦੇ ਪੁਰਾਣੇ ਸਿੱਕੇ, ਦੋ ਅਟੈਚੀ ਅਤੇ ਪਿੱਠੂ ਬੈਗ ਚੋਰੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਰਸੋਈ 'ਚ ਗਿਆ ਤਾਂ ਕੱਪ ਬੋਰਡ 'ਚੋਂ ਸ਼ਰਾਬ ਦੀਆਂ ਤਿੰਨ ਬੋਤਲਾਂ 'ਚੋਂ ਇਕ ਬੋਤਲ ਖੁੱਲ੍ਹੀ ਹੋਈ ਸੀ, ਜਿਸ 'ਚੋਂ ਚੋਰਾਂ ਨੇ ਸ਼ਰਾਬ ਪੀਤੀ ਸੀ। ਸੈਕਟਰ-11 ਥਾਣਾ ਪੁਲਸ ਕੋਠੀ 'ਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ।  
ਸੈਕਟਰ-44 'ਚ ਮਕਾਨ ਦਾ ਤਾਲਾ ਤੋੜ ਕੇ ਚੋਰੀ 
ਚੋਰ ਸੈਕਟਰ-44 'ਚ ਬੰਦ ਮਕਾਨ ਦਾ ਤਾਲਾ ਤੋੜ ਕੇ 70 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਮਕਾਨ ਮਾਲਕ ਸ਼ਕੀਲ ਅਹਿਮਦ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਵੇਖਿਆ ਕਿ ਕਮਰੇ 'ਚ ਸਾਰਾ ਸਾਮਾਨ ਖਿੱਲਰਿਆ ਹੋਇਆ ਹੈ, ਅਲਮਾਰੀ ਅਤੇ ਕੱਪ ਬੋਰਡ ਦੇ ਤਾਲੇ ਟੁੱਟੇ ਹੋਏ ਹਨ। ਸ਼ਕੀਲ  ਅਹਿਮਦ ਨੇ ਪੁਲਸ ਨੂੰ ਦੱਸਿਆ ਕਿ ਚੋਰ ਅਲਮਾਰੀ 'ਚ ਰੱਖੀ 70 ਹਜ਼ਾਰ ਦੀ ਨਕਦੀ ਅਤੇ ਸੋਨੇ ਦੀ ਚੇਨ ਲੈ ਕੇ ਗਏ ਹਨ। ਸੈਕਟਰ 34 ਥਾਣਾ ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।   


Related News