ਕੋਲੇ ਅਤੇ GST ਦੇ ਵਧੇ ਰੇਟਾਂ ਦੇ ਵਿਰੋਧ 'ਚ ਭੱਠਾ ਐਸੋਸੀਏਸ਼ਨ ਵੱਲੋਂ ਪੂਰੇ ਭਾਰਤ 'ਚ ਭੱਠੇ ਬੰਦ ਕਰਨ ਦਾ ਐਲਾਨ
Friday, Jul 01, 2022 - 05:43 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਕੇਂਦਰ ਸਰਕਾਰ ਵੱਲੋਂ ਭੱਠਾ ਸਨਅਤ ਉਪਰ 1 ਫ਼ੀਸਦੀ ਤੋਂ ਵਧਾ ਕੇ 6 ਫ਼ੀਸਦੀ ਜੀ.ਐੱਸ.ਟੀ. ਦਰ ਕਰਨ ਅਤੇ ਕੋਲੇ ਦੇ ਰੇਟਾਂ 'ਚ ਹੋਏ ਬੇਤਹਾਸ਼ਾ ਵਾਧੇ ਕਰਨ ਦੇ ਵਿਰੋਧ 'ਚ ਭੱਠਾ ਐਸੋਸੀਏਸ਼ਨ ਪੰਜਾਬ ਅਤੇ ਆਲ ਇੰਡੀਆ ਭੱਠਾ ਐਸੋਸੀਏਸ਼ਨ ਨੇ ਪੂਰੇ ਭਾਰਤ 'ਚ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰਕੇ ਹੜਤਾਲ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਉਥੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਪੂਰੇ ਭਾਰਤ 'ਚ ਭੱਠਿਆਂ 'ਤੇ ਸੇਲ ਵੀ ਬੰਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਏਕਨਾਥ ਸ਼ਿੰਦੇ ਲਈ ਆਸਾਨ ਨਹੀਂ ਹੋਵੇਗਾ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਕਰਨਾ
ਅੱਜ ਮੁੱਲਾਂਪੁਰ ਵਿਖੇ ਭੱਠਾ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਮੇਸ਼ ਮੋਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਆਫਿਸ ਬੀਅਰਸ ਨੇ ਆਲ ਇੰਡੀਆ ਬਰਿੱਕ ਐਂਡ ਟਾਇਲਸ ਮੈਨੂਫੈਕਚਰਜ਼ ਫੈਡਰੇਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਭੱਠਾ ਬੰਦ ਰੱਖਣ ਦੇ ਫੈਸਲੇ ਦੀ ਹਮਾਇਤ ਕੀਤੀ ਕਿਉ ਕਿ ਭੱਠਿਆਂ ਉਪਰ ਜੀ.ਐੱਸ.ਟੀ. ਦੀ ਕਰ ਦਰ ਵਿਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ। ਜਿਹੜੀ ਪਹਿਲਾਂ ਦਰ 1 ਫ਼ੀਸਦੀ ਸੀ ਉਸ ਨੂੰ ਵਧਾਕੇ 6 ਫ਼ੀਸਦੀ ਕਰ ਦਿੱਤਾ ਗਿਆ ਹੈ ਅਤੇ ਜੋ ਦਰ 5 ਫ਼ੀਸਦੀ ਰੈਗੂਲਰ ਸੀ ਉਸ ਨੂੰ ਵਧਾਕੇ 12% ਕਰ ਦਿੱਤਾ ਗਿਆ ਹੈ ਭਾਵ 600 ਫ਼ੀਸਦੀ ਅਤੇ 240 ਫ਼ੀਸਦੀ ਬੇਤਹਾਸ਼ਾ ਵਾਧਾ ਕੀਤਾ। ਜਿਹੜਾ ਕੋਲਾ ਪਿਛਲੇ ਸਾਲ 8000 ਤੋਂ 10000 ਰੁਪਏ ਸੀ ਉਹ ਕੋਲਾ ਹੁਣ 23000 ਤੋਂ 25000 ਪ੍ਰਤੀ ਟਨ ਹੋ ਗਿਆ ਹੈ। ਇਸ ਦੇ ਵਿਰੋਧ ਵਿਚ ਦਿੱਲੀ ਜੰਤਰ ਮੰਤਰ ਉਪਰ ਦੇਸ਼ ਦੇ ਸਾਰੇ ਭੱਠਾ ਮਾਲਕਾਂ ਨੇ ਧਰਨਾ ਵੀ ਦਿੱਤਾ ਸੀ ਅਤੇ ਫਾਇਨੈਂਸ ਮੰਤਰੀ ਸ਼੍ਰੀਮਤੀ ਸੀਤਾ ਰਮਨ ਕੋਲ ਦੇਸ਼ ਦੇ ਹਰ ਰਾਜ ਅਤੇ ਜਿਲ੍ਹੇ ਵੱਲੋਂ ਇਸ ਵਾਧੇ ਨੂੰ ਵਾਪਸ ਲੈਣ ਲਈ ਗੁਹਾਰ ਵੀ ਲਗਾਈ ਸੀ ਪਰ ਸਰਕਾਰ ਉਪਰ ਕੋਈ ਅਸਰ ਨਹੀ ਹੋਇਆ ਜਿਸ ਤੋਂ ਮਜਬੂਰ ਹੋ ਕੇ ਆਲ ਇੰਡੀਆ ਬਰਿੱਕ ਐਂਡ ਟਾਇਲਸ ਮੈਨੂਫੈਕਚਰਜ਼ ਫੈਡਰੇਸ਼ਨ ਨੇ 23 ਜੂਨ ਨੂੰ ਨਵੀਂ ਦਿੱਲੀ 'ਚ ਬੈਠਕ ਕੀਤੀ ਅਤੇ ਸਮੂਹ ਦੇਸ਼ ਦੇ ਭੱਠਿਆਂ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਸੀ ਜਿਸ ਦਾ ਦੇਸ਼ ਦੇ ਸਾਰੇ ਰਾਜਾਂ ਅਤੇ ਪੰਜਾਬ ਦੇ 2700 ਭੱਠਾ ਮਾਲਕਾਂ ਨੇ ਵੀ ਸਮਰਥਨ ਕੀਤਾ ਅਤੇ ਅਣਮਿੱਥੇ ਸਮੇਂ ਉਪਰ ਹੜਤਾਲ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ- ਖ਼ਾਲਿਸਤਾਨ ਦੇ ਨਾਅਰੇ ਲਿਖ ਕੇ ਦਹਿਸ਼ਤ ਫੈਲਾਉਣ ਵਾਲੀ ਰਿਸ਼ਤੇਦਾਰਾਂ ਦੀ ਜੁੰਡਲੀ ਗ੍ਰਿਫ਼ਤਾਰ
ਪ੍ਰਧਾਨ ਮੋਹੀ ਨੇ ਕਿਹਾ ਕਿ ਕੇਂਦਰ ਸਰਕਾਰ ਆਏ ਦਿਨ ਨਵੇਂ-ਨਵੇਂ ਕਾਨੂੰਨ ਬਣਾਕੇ ਭੱਠਾ ਉਦਯੋਗ ਨੂੰ ਬੰਦ ਕਰਨ 'ਤੇ ਤੁਲੀ ਹੋਈ ਹੈ ਜਿਸ ਨਾਲ 1.5 ਤੋਂ 2 ਕਰੋੜ ਮਜਦੂਰ ਅਤੇ ਇਕੱਲੇ ਪੰਜਾਬ ਵਿਚ 2.5 ਲੱਖ ਮਜਦੂਰ ਬੇਰੁਜਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੀ.ਐੱਸ.ਟੀ. ਰੇਟਾਂ ਨੂੰ ਵਾਪਸ ਲਵੇ ਅਤੇ ਕੋਲੇ ਦਾ ਕੰਟਰੋਲ ਰੇਟ 'ਤੇ ਸਪਲਾਈ ਕਰੇ। ਜੇਕਰ ਅਜਿਹਾ ਨਾ ਕੀਤਾ ਤਾਂ ਭੱਠਿਆਂ 'ਤੇ ਸੇਲ ਵੀ ਬੰਦ ਕਰ ਦਿੱਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।ਮੀਟਿੰਗ ਨੂੰ ਪੈਟਰਨ ਕੁਲਦੀਪ ਸਿੰਘ ਮੱਕੜ, ਚੇਅਰਮੈਨ ਕ੍ਰਿਸ਼ਨ ਕੁਮਾਰ ਵਾਂਸਲ ਅਤੇ ਮਨਜਿੰਦਰ ਸਿੰਘ, ਜਨਰਲ ਸਕੱਤਰ ਮੁਕੇਸ਼ ਨੰਦਾ, ਖਜ਼ਾਨਚੀ ਪ੍ਰਮਜੀਤ ਸਿੰਘ ਸੰਧੂ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਵੀ ਸੰਬੋਧਨ ਕੀਤਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।