ਮਾਂ ਦੇ ਨਾਲ ਸੌਂ ਰਹੇ ਬੱਚੇ ਨੂੰ ਕੀਤਾ ਅਗਵਾ

Saturday, May 05, 2018 - 04:10 AM (IST)

ਬਠਿੰਡਾ(ਵਰਮਾ)-ਮਾਂ ਦੇ ਨਾਲ ਸੌਂ ਰਹੇ ਇਕ ਸਾਲ ਦੇ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ। ਪੁਲਸ ਸੂਚਨਾ ਮਿਲਦੇ ਹੀ ਨਾਕਾਬੰਦੀ ਕਰ ਕੇ ਅਗਵਾਕਾਰਾਂ ਦੀ ਗ੍ਰਿਫ਼ਤਾਰੀ ਲਈ ਹੱਥ-ਪੈਰ ਮਾਰਦੀ ਰਹੀ ਪਰ ਕੁਝ ਹੱਥ ਨਹੀਂ ਲੱਗਾ। ਜਾਣਕਾਰੀ ਅਨੁਸਾਰ ਰਿੰਗ ਰੋਡ ਦੇ ਨੇੜੇ ਗਰੀਬ ਪ੍ਰਵਾਸੀ ਪਰਿਵਾਰ ਪਿਛਲੇ 20 ਸਾਲਾਂ ਤੋਂ ਰਹਿ ਰਿਹਾ ਹੈ। ਅਚਾਨਕ ਵੀਰਵਾਰ ਰਾਤ ਸਾਢੇ ਬਾਰਾਂ ਵਜੇ ਬਲੈਰੋ ਗੱਡੇ 'ਤੇ ਚਾਰ ਅਣਪਛਾਤੇ ਲੋਕ ਆਏ, ਜਿਨ੍ਹਾਂ ਨੇ ਮਾਂ ਨਾਲ ਸੌਂ ਰਹੇ ਬੱਚੇ ਨੂੰ ਚੁੱਕ ਲਿਆ ਜਦਕਿ ਮਾਂ ਚੀਕਦੀ ਰਹੀ ਪਰ ਕੋਈ ਵੀ ਉਸ ਦੀ ਗੱਲ ਸੁਣਨ ਵਾਲਾ ਨਹੀਂ ਸੀ, ਉਸ ਦਾ ਪਤੀ ਜੋ ਕਿ ਪੇਂਟ ਦਾ ਕੰਮ ਕਰਦਾ ਹੈ ਨੇ ਵੀ ਸ਼ੋਰ ਮਚਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ, ਜਿਵੇਂ ਹੀ ਪੁਲਸ ਦੇ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਸ ਹਰਕਤ 'ਚ ਆਈ ਅਤੇ ਪੂਰੇ ਸ਼ਹਿਰ ਦੀ ਨਾਕਾਬੰਦੀ ਕੀਤੀ। ਰਾਤ ਭਰ ਐੱਸ. ਪੀ. ਸਿਟੀ, ਡੀ. ਐੱਸ. ਪੀ. ਸਿਟੀ, ਥਾਣਾ ਕੈਨਾਲ ਕਾਲੋਨੀ ਮੁਖੀ ਦਵਿੰਦਰ ਸਿੰਘ ਸਮੇਤ ਸਾਰੇ ਥਾਣਿਆਂ ਦੇ ਮੁਖੀ ਮੁਲਜ਼ਮਾਂ ਦੀ ਤਲਾਸ਼ ਕਰਦੇ ਰਹੇ। ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਅੱਧਾ ਦਰਜਨ ਟੀਮਾਂ ਦਾ ਗਠਨ ਕੀਤਾ। ਜੋ ਵੱਖ-ਵੱਖ ਹਿੱਸਿਆਂ 'ਚ ਅਗਵਾਕਾਰਾਂ ਦੀ ਤਲਾਸ਼ ਕਰਨ 'ਚ ਲੱਗੇ ਹੋਏ ਹਨ। ਸ਼ਹਿਰ ਦੇ ਮੁੱਖ ਮਾਰਗ 'ਤੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਇਥੋਂ ਤੱਕ ਕਿ ਟੋਲ ਪਲਾਜ਼ਾ ਦੇ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਲੈਰੋ ਗੱਡੀ ਵਿਚ ਚਾਰ ਅਗਵਾਕਾਰ ਆਏ ਅਤੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਏ। ਬੱਚੇ ਦੀ ਮਾਂ ਸਪਨਾ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਬੇਸ਼ੱਕ ਉਹ ਪਿਛਲੇ 20 ਸਾਲਾਂ ਤੋਂ ਬਠਿੰਡਾ ਵਿਚ ਰਹਿ ਰਹੇ ਹਨ। ਉਸ ਦਾ ਪਤੀ ਪੇਂਟ ਦੀ ਕੰਪਨੀ 'ਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਮੋਟਰਸਾਈਕਲ ਨਾਲ ਅਗਵਾਕਾਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ। ਰਮੇਸ਼ ਕੁਮਾਰ ਦੇ ਦੋ ਬੇਟੀਆਂ ਅਤੇ ਇਕ ਛੋਟਾ ਬੇਟਾ ਹੈ ਅਗਵਾਕਾਰਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਮਾਸੂਮ ਨੂੰ ਹੀ ਚੁੱਕ ਕੇ ਲੈ ਗਏ। ਮੌਕੇ 'ਤੇ ਪਹੁੰਚੇ ਐੱਸ. ਪੀ. ਡੀ. ਸਵਰਨ ਸਿੰਘ ਨੇ ਦੱਸਿਆ ਕਿ ਪੁਲਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਅਗਵਾਕਾਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਦਾ ਕੰਮ ਸਭ ਤੋਂ ਪਹਿਲਾਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਨਾ ਹੈ। ਇਸ ਲਈ ਪੁਲਸ ਬੜੀ ਸਾਵਧਾਨੀ ਨਾਲ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗਰੀਬ ਪਰਿਵਾਰ ਹੈ, ਜਿਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਆਖਿਰ ਬੱਚੇ ਨੂੰ ਅਗਵਾ ਕਰਨ ਪਿੱਛੇ ਕੀ ਕਾਰਨ ਹੈ? ਪੁਲਸ ਇਸ ਦੀ ਜਾਂਚ ਵਿਚ ਜੁਟੀ ਹੈ।
ਪੁਲਸ ਨੇ ਅਗਵਾਕਾਰਾਂ ਦੇ ਸਕੈੱਚ ਜਾਰੀ ਕੀਤੇ
ਇਕ ਸਾਲਾ ਬੱਚੇ ਦੇ ਅਗਵਾਕਾਰਾਂ ਨੂੰ ਲੈ ਕੇ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕਰ ਰਹੀ ਹੈ। ਪੁਲਸ ਦੀ ਆਈ. ਟੀ. ਸ਼ਾਖਾ ਨੇ ਅਗਵਾਕਾਰਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਕੇ ਚਾਰ ਲੋਕਾਂ ਦੇ ਸਕੈੱਚ ਜਾਰੀ ਕੀਤੇ, ਜਿਸ ਦੇ ਜ਼ਰੀਏ ਉਹ ਮੁਲਜ਼ਮਾਂ ਤੱਕ ਪਹੁੰਚਣਾ ਚਾਹੁੰਦੀ ਹੈ। ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਸ ਜਲਦੀ ਹੀ ਅਗਵਾਕਾਰਾਂ ਨੂੰ ਦਬੋਚ ਲਵੇਗੀ। ਇਸ ਲਈ ਪੁਲਸ ਦੀਆਂ ਟੀਮਾਂ ਲਗਾਤਾਰ ਅਗਵਾਕਾਰਾਂ ਦਾ ਪਤਾ ਲਾਉਣ ਲਈ ਲੱਗੀਆਂ ਹੋਈਆਂ ਹਨ। ਮੁਲਜ਼ਮਾਂ ਦੇ ਸਕੈੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੋਰ ਆਸਾਨ ਹੋ ਜਾਵੇਗਾ।


Related News