ਖਾਲਸਾ ਏਡ ਨੇ ਰਣਜੀਤਪੁਰਾ ਅਤੇ ਫੰਦੀ ''ਚ ਹੜ੍ਹ ਪੀੜਤਾਂ ਨੂੰ ਵੰਡੀਆਂ ਮੱਝਾਂ
Wednesday, Sep 04, 2019 - 12:49 PM (IST)
ਰੂਪਨਗਰ (ਵਿਜੇ ਸ਼ਰਮਾ)— ਬੀਤੇ ਦਿਨੀਂ ਰੂਪਨਗਰ ਦੇ ਪਿੰਡਾਂ 'ਚ ਆਏ ਹੜ੍ਹਾਂ ਦੇ ਕਾਰਣ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲੋਕਾਂ ਦੀ ਕਈ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ, ਉਥੇ ਹੀ ਸਮਾਜ ਸੇਵਾ ਅਤੇ ਮਨੁੱਖਤਾ ਦੀ ਸੇਵਾ ਲਈ ਵਿਸ਼ਵ ਭਰ 'ਚ ਮਸ਼ਹੂਰ ਖਾਲਸਾ ਏਡ ਵੱਲੋਂ ਪੀੜਤ ਲੋਕਾਂ ਨੂੰ ਅੱਜ ਕੀਮਤੀ ਮੱਝਾਂ ਵੰਡੀਆਂ ਗਈਆਂ ਹਨ।
ਬੀਤੇ ਦਿਨ ਖਾਲਸਾ ਏਡ ਦੇ ਮੈਂਬਰਾਂ ਨੇ 'ਜਗ ਬਾਣੀ' ਟੀਮ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਰਣਜੀਤਪੁਰਾ ਅਤੇ ਫੰਦੀ 'ਚ ਕਰੀਬ 20 ਮੱਝਾਂ ਵੰਡੀਆਂ ਗਈਆਂ ਹਨ।
ਉਕਤ ਮੱਝਾਂ ਉਨ੍ਹਾਂ ਲੋਕਾਂ ਨੂੰ ਵੰਡੀਆਂ ਗਈਆਂ ਜਿਨ੍ਹਾਂ ਦੀਆਂ ਮੱਝਾਂ ਜਾਂ ਤਾਂ ਹੜ੍ਹ ਦੇ ਪਾਣੀ 'ਚ ਵਹਿ ਗਈਆਂ ਜਾਂ ਡੁੱਬ ਕੇ ਮਰ ਗਈਆਂ। ਇਹ ਵੀ ਪਤਾ ਚੱਲਿਆ ਹੈ ਕਿ ਉਕਤ ਵੰਡੀਆਂ ਗਈਆਂ ਮੱਝਾਂ 'ਚੋਂ ਇਕ-ਇਕ ਮੱਝ ਦੀ ਕੀਮਤ ਕਰੀਬ 85000 ਹੈ। ਦੂਜੇ ਪਾਸੇ ਮੱਝਾਂ ਪ੍ਰਾਪਤ ਕਰਨ ਵਾਲੇ ਹੜ੍ਹ ਪੀੜਤ ਪਰਿਵਾਰਾਂ ਨੇ ਸਰਕਾਰ ਪ੍ਰਤੀ ਨਾਮੋਸ਼ੀ ਪ੍ਰਗਟਾਉਂਦੇ ਕਿਹਾ ਕਿ ਜੋ ਕੰਮ ਹੁਣ ਤੱਕ ਸਰਕਾਰਾਂ ਨਹੀਂ ਕਰ ਸਕੀਆਂ ਉਹ ਕਾਰਜ ਖਾਲਸਾ ਖੇਡ ਵੱਲੋਂ ਕੀਤਾ ਗਿਆ ਹੈ ਜਦੋਂ ਕਿ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਇਸ ਮੌਕੇ ਖਾਲਸਾ ਏਡ ਦੇ ਆਗੂ ਅਮਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਬਾਠ ਮੁੱਖ ਰੂਪ 'ਚ ਮੌਜੂਦ ਸਨ।