ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਭਾਜਪਾ ਦਫ਼ਤਰ ''ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
Monday, Jul 27, 2026 - 07:56 PM (IST)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਵਿਚ ਵਿਗੜ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸੰਗਰੂਰ ਵਿਖੇ ਭਾਜਪਾ ਦਫ਼ਤਰ 'ਤੇ ਹੋਏ ਪੈਟਰੋਲ ਬੰਬ ਹਮਲੇ ਅਤੇ ਪਟਿਆਲਾ ਵਿਖੇ ਇਕ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਢਿੱਲੋਂ ਨੇ ਕਿਹਾ ਕਿ ਸੂਬੇ ਵਿਚ ਰੋਜ਼ਾਨਾ ਵਾਪਰ ਰਹੇ ਧਮਾਕੇ, ਹਮਲੇ, ਲੁੱਟ-ਖੋਹ, ਕਤਲ ਅਤੇ ਖੂਨ-ਖਰਾਬੇ ਦੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਮੌਜੂਦਾ ਸਰਕਾਰ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਕਾਰਨ ਆਮ ਲੋਕ ਹੁਣ ਆਪਣੇ ਘਰਾਂ ਵਿਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿਚ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹੋਇਆ ਹਮਲਾ ਅਤੇ ਪਟਿਆਲਾ ਵਿਚ ਇਕ ਘਰ 'ਤੇ ਕੀਤਾ ਗਿਆ ਪੈਟਰੋਲ ਬੰਬ ਹਮਲਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਅਪਰਾਧੀਆਂ ਦੇ ਮਨਾਂ ਵਿਚੋਂ ਪੁਲਸ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਗ੍ਰਹਿ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ ਹੀ ਸੁਰੱਖਿਆ ਦਾ ਇਹ ਹਾਲ ਹੈ, ਤਾਂ ਬਾਕੀ ਪੰਜਾਬ ਦੇ ਹਾਲਾਤਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਪੰਜਾਬ ਵਿਚ ਅਜਿਹੇ ਹਮਲਿਆਂ ਦੀ ਲੜੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੋਗਾ ਪੁਲਸ ਥਾਣੇ 'ਤੇ ਗ੍ਰਨੇਡ ਹਮਲਾ, ਜਲੰਧਰ ਵਿਚ ਬੀ.ਐੱਸ.ਐੱਫ. ਹੈੱਡਕੁਆਰਟਰ ਨੇੜੇ ਧਮਾਕਾ, ਭਾਜਪਾ ਪੰਜਾਬ ਦੇ ਸੂਬਾ ਦਫ਼ਤਰ 'ਤੇ ਗ੍ਰਨੇਡ ਹਮਲਾ, ਜਲੰਧਰ ਵਿਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਅੰਮ੍ਰਿਤਸਰ ਦੇ ਮੰਦਰ 'ਤੇ ਹਮਲਾ, ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਂਕੀ 'ਤੇ ਹਮਲਾ, ਸਰਹਾਲੀ ਪੁਲਿਸ ਥਾਣੇ 'ਤੇ ਆਰਪੀਜੀ ਹਮਲਾ, ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲਾ ਅਤੇ ਭਿੰਡੀ ਸੈਦਾਂ (ਅੰਮ੍ਰਿਤਸਰ) ਦੇ ਥਾਣੇ 'ਤੇ ਹੈਂਡ ਗ੍ਰਨੇਡ ਹਮਲੇ ਸਮੇਤ ਅਨੇਕਾਂ ਗੰਭੀਰ ਵਾਰਦਾਤਾਂ ਵਾਪਰ ਚੁੱਕੀਆਂ ਹਨ।
ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਰਾਜ ਦੇ ਪੁਲਸ ਥਾਣੇ, ਇੰਟੈਲੀਜੈਂਸ ਹੈੱਡਕੁਆਰਟਰ, ਧਾਰਮਿਕ ਅਸਥਾਨ ਅਤੇ ਸਿਆਸੀ ਦਫ਼ਤਰ ਹੀ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੋਣ, ਤਾਂ ਆਮ ਜਨਤਾ ਦੀ ਸੁਰੱਖਿਆ ਰੱਬ ਆਸਰੇ ਹੀ ਰਹਿ ਜਾਂਦੀ ਹੈ। ਸਰਕਾਰ ਅਮਨ-ਸ਼ਾਂਤੀ ਦੇ ਖੋਖਲੇ ਦਾਅਵੇ ਕਰਨ ਅਤੇ ਝੂਠੇ ਪ੍ਰਚਾਰ ਵਿਚ ਮਸਰੂਫ਼ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਅਪਰਾਧੀ ਬੇਖੌਫ਼ ਹੋ ਕੇ ਗੁੰਡਾਗਰਦੀ ਕਰ ਰਹੇ ਹਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਨੂੰ ਸੰਭਾਲਣ ਅਤੇ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪੰਜਾਬ ਦੇ ਲੋਕ ਹੁਣ ਇਸ ਝੂਠੇ ਬਦਲਾਅ ਦੀ ਸਰਕਾਰ ਤੋਂ ਹਰ ਘਟਨਾ ਦਾ ਹਿਸਾਬ ਮੰਗਣ ਲਈ ਤਿਆਰ ਬੈਠੇ ਹਨ।
