ਭਾਜਪਾ ਦੀ ਲਗਾਤਾਰ ਲੜਾਈ ਨੇ ‘ਆਪ’ ਸਰਕਾਰ ਨੂੰ PIT-NDPS ਐਕਟ ਲਾਗੂ ਕਰਨ ਲਈ ਮਜਬੂਰ ਕੀਤਾ: ਕੇਵਲ ਢਿੱਲੋਂ
Saturday, Oct 24, 2026 - 10:58 PM (IST)
ਚੰਡੀਗੜ੍ਹ (ਅੰਕੁਰ) : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਭਾਜਪਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ਿਆਂ ਵਿਰੁੱਧ ਲਗਾਤਾਰ ਆਵਾਜ਼ ਉਠਾਉਣ ਕਾਰਨ ਹੀ ਪੰਜਾਬ ਦੀ ‘ਆਪ’ ਸਰਕਾਰ ਨੇ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਨਸ਼ਾ ਤਸਕਰਾਂ ਨੂੰ ਰੋਕਥਾਮ ਦੇ ਉਦੇਸ਼ ਨਾਲ ਇਕ ਸਾਲ ਤੱਕ ਨਜ਼ਰਬੰਦ ਰੱਖਣ ਦੀ ਵਿਵਸਥਾ ਹੈ। ਕੇਵਲ ਢਿੱਲੋਂ ਨੇ ਕਿਹਾ ਕਿ 21 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਸਰਕਾਰ ਦੀ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਵਿੱਚ ਦੇਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਅਨੁਸਾਰ, ਅਮਿਤ ਸ਼ਾਹ ਨੇ ਪੰਜਾਬ ਦੌਰਿਆਂ ਦੌਰਾਨ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਤਹਿਤ ਦੇਸ਼ ਭਰ ’ਚ 929 ਕੇਸ ਦਰਜ ਹੋਣ, ਜਦਕਿ ਪੰਜਾਬ ’ਚ ਇਕ ਵੀ ਕੇਸ ਦਰਜ ਨਾ ਹੋਣ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਤੇ ਸੂਬੇ ਨੂੰ ਸਿਆਸੀ ਵਾਅਦਿਆਂ ਦੀ ਬਜਾਏ ਸਖ਼ਤ ਕਾਨੂੰਨੀ ਕਾਰਵਾਈ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੰਮ ਕੀਤਾ ਜਾਵੇਗਾ।
