ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੋਲ ਪੁਗਾਏ, ਸ਼ੁਰੂ ਹੋਈ ਝੋਟਾ ਕੇਸ ਦੀ ਸੀ.ਬੀ.ਆਈ. ਜਾਂਚ: ਕੇਵਲ ਸਿੰਘ ਢਿੱਲੋਂ
Wednesday, Oct 21, 2026 - 08:28 PM (IST)
ਚੰਡੀਗੜ੍ਹ- ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਕਹਿਣੀ ਅਤੇ ਕਰਨੀ ਦੇ ਪੱਕੇ ਹਨ ਜਿਸ ਤਹਿਤ ਹੀ ਉਨ੍ਹਾਂ ਦੇ ਵਾਅਦੇ ਅਨੁਸਾਰ ਬੀਤੀ ਰਾਤ ਹੀ ਸੀਬੀਆਈ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ। ਇਹ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਹਿੰਦਿਆਂ ਕਿਹਾ ਕਿ ਬੀਤੇ ਕੱਲ੍ਹ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਸੀਬੀਆਈ ਜਾਂਚ ਦਾ ਭਰੋਸਾ ਦਿੱਤਾ ਸੀ। ਅਮਿਤ ਸ਼ਾਹ ਜੀ ਨੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਬੋਲ ਪੁਗਾਏ ਹਨ ਅਤੇ ਬੀਤੀ ਰਾਤ ਹੀ ਸੀਬੀਆਈ ਦੀ ਟੀਮ ਮਾਨਸਾ ਵਿਖੇ ਜਾਂਚ ਲਈ ਪਹੁੰਚ ਗਈ ਅਤੇ ਇਸ ਮਾਮਲੇ ਵਿਚ ਸੀਬੀਆਈ ਨੇ ਤੁਰੰਤ ਮੁਲਜ਼ਮ ਵਿਰੁੱਧ ਕੇਸ ਵੀ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਲਦ ਮਾਮਲੇ ਨੂੰ ਸਿਰੇ ਚਾੜੇਗੀ ਅਤੇ ਕੇਸ ਵਿੱਚ ਜ਼ਿੰਮੇਵਾਰ ਕਰ ਦੋਸ਼ੀ ਨੂੰ ਬਣਦੀ ਸਖਤ ਸਜ਼ਾ ਮਿਲੇਗੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਰਵਿੰਦਰ ਸਿੰਘ ਝੋਟਾ ਅਤੇ ਹਰ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਜਿਸ ਤਰ੍ਹਾਂ ਪਰਵਿੰਦਰ ਸਿੰਘ ਝੋਟਾ ਦੇ ਕੇਸ ਲਈ ਸੀਬੀਆਈ ਜਾਂਚ ਸ਼ੁਰੂ ਹੋਈ ਹੈ, ਉਸੇ ਤਰ੍ਹਾਂ ਇਸਦੀ ਜਾਂਚ ਵੀ ਜਲਦ ਮੁਕੰਮਲ ਹੋਵੇਗੀ ਅਤੇ ਇਸ ਘਟਨਾ ਦੇ ਹਰ ਦੋਸ਼ੀ ਨੂੰ ਸਜ਼ਾ ਮਿਲੇਗੀ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਵਾਂਗ ਗੁਲਜ਼ਾਰ ਸਿੰਘ ਅਤੇ ਬਿਕਰਮਜੀਤ ਸਿੰਘ ਦੇ ਕੇਸ ਨੂੰ ਵੀ ਪੰਜਾਬ ਸਰਕਾਰ ਸੀਬੀਆਈ ਹਵਾਲੇ ਕਰੇ ਤਾਂ ਕਿ ਉਨ੍ਹਾਂ ਪਰਿਵਾਰ ਨੂੰ ਵੀ ਇਨਸਾਫ਼ ਮਿਲ ਸਕੇ। ਸੂਬਾ ਪ੍ਰਧਾਨ ਢਿੱਲੋਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੀੜਤ ਪਰਿਵਾਰਾਂ ਦਾ ਦਰਦ ਸਮਝਿਆ ਅਤੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗ੍ਰਹਿ ਮੰਤਰੀ ਜੀ ਨੇ 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ, ਇਹ ਵਾਅਦਾ ਵੀ ਪੂਰਾ ਹੋਵੇਗਾ ਅਤੇ ਪੰਜਾਬ ਨਸ਼ਾ ਮੁਕਤ ਹੋਵੇਗਾ।
