ਰਾਜਬੀਰ ਸਿੰਘ ਘੁੰਮਣ ਤੋਂ ਸੀ. ਬੀ. ਆਈ. ਨੇ 5 ਘੰਟੇ ਕੀਤੀ ਪੁੱਛਗਿੱਛ
Tuesday, Oct 20, 2026 - 10:08 AM (IST)
ਚੰਡੀਗੜ੍ਹ (ਵਿਨੈ, ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐੱਸ. ਡੀ. ਰਾਜਬੀਰ ਸਿੰਘ ਘੁੰਮਣ ਸੋਮਵਾਰ ਚੰਡੀਗੜ੍ਹ ਦੇ ਸੈਕਟਰ-30 ’ਚ ਸਥਿਤ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦਫ਼ਤਰ ’ਚ ਦੂਜੀ ਵਾਰ ਪੇਸ਼ ਹੋਏ। ਸੀ. ਐੱਮ. ਓ. ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਪੈਸੇ ਲੈ ਕੇ ਤਬਾਦਲੇ ਤੇ ਪੋਸਟਿੰਗ ਕਰਵਾਉਣ ਦੇ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ ’ਚ ਉਨ੍ਹਾਂ ਤੋਂ ਲੱਗਭਗ 5 ਘੰਟੇ ਪੁੱਛਗਿੱਛ ਕੀਤੀ ਗਈ। ਸੀ. ਬੀ. ਆਈ. ਨੇ ਇਸ ਮਾਮਲੇ ਨੂੰ ਲੈ ਕੇ ਕੁੱਲ 6 ਮੁਲਜ਼ਮਾਂ ਖ਼ਿਲਾਫ਼ 251 ਪੰਨਿਆਂ ਦੀ ਜੋ ਐੱਫ. ਆਈ. ਆਰ. ਦਰਜ ਕੀਤੀ ਹੈ, ਉਸ ’ਚ ਈ.ਡੀ. ਵੱਲੋਂ ਜਿਨ੍ਹਾਂ ਮੋਬਾਈਲ ਚੈਟਾਂ ਦਾ ਵੇਰਵਾ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਘੁੰਮਣ ਤੋਂ ਲੱਗਭਗ 40 ਸਵਾਲ ਕੀਤੇ ਗਏ।
ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਵੀ ਉਹ ਸੀ. ਬੀ. ਆਈ. ਅੱਗੇ ਪੇਸ਼ ਹੋਏ ਸਨ ਅਤੇ ਉਸ ਦਿਨ ਸੀ. ਬੀ. ਆਈ. ਨੇ ਉਨ੍ਹਾਂ ਤੋਂ ਲੱਗਭਗ 6 ਘੰਟਿਆਂ ’ਚ 50 ਸਵਾਲ ਪੁੱਛੇ ਸਨ। ਜਾਂਚ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੂੰ ਉਹ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਸਾਰੇ ਸਵਾਲਾਂ ਦਾ ਜਵਾਬ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ।
