ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਦੇ ਮੁੱਦਿਆਂ ਦੀ ਥਾਂ ਸਿਆਸੀ ਡਰਾਮੇਬਾਜ਼ੀ: ਕੇਵਲ ਸਿੰਘ ਢਿੱਲੋਂ

Tuesday, Oct 27, 2026 - 09:28 PM (IST)

ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਦੇ ਮੁੱਦਿਆਂ ਦੀ ਥਾਂ ਸਿਆਸੀ ਡਰਾਮੇਬਾਜ਼ੀ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ :  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਵਿਧਾਨ ਸਭਾ ਦੇ ਪੰਜ ਰੋਜ਼ਾ ਸੈਸ਼ਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਲੋਂ ਕੀਤੀ ਗਈ ਕਾਟੋ ਕਲੇਸ਼ ਅਤੇ ਹੰਗਾਮੇ ਦੀ ਸਖ਼ਤ ਨਿੰਦਾ ਕੀਤੀ ਹੈ। ਢਿੱਲੋਂ ਨੇ ਕਿਹਾ ਕਿ ਸੈਸ਼ਨ ਦੇ ਆਖਰੀ ਦਿਨ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਮੁੱਦਿਆਂ ਦੀ ਥਾਂ ਇੱਕ ਦੂਜੇ 'ਤੇ ਚਿੱਕੜ ਉਛਾਲਣ ਨੂੰ ਤਰਜੀਹ ਦਿੱਤੀ, ਜੋ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਮਾਣ-ਮਰਿਆਦਾ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਗਿਆ। ਇੱਕ ਸੈਸ਼ਨ 'ਤੇ ਕਰੋੜਾਂ ਰੁਪਏ ਖਰਚ ਹੁੰਦੇ ਹਨ, ਜੋ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੈ, ਪਰ ਦੋਵਾਂ ਪਾਰਟੀਆਂ ਨੇ ਗੰਭੀਰ ਮੁੱਦੇ ਉਠਾਉਣ ਦੀ ਥਾਂ ਇਹ ਸਮਾਂ ਆਪਸੀ ਕਾਟੋ-ਕਲੇਸ਼ ਵਿੱਚ ਬਰਬਾਦ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆਂ ਦੀ ਮਾਰ, ਵਿਗੜੀ ਹੋਈ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਵਧਦੇ ਕਰਜ਼ੇ ਅਤੇ ਖਸਤਾ ਮਾਲੀ ਹਾਲਤ ਨਾਲ ਜੂਝ ਰਿਹਾ ਹੈ। ਪਰ ਪੂਰੇ ਪੰਜ ਦਿਨਾਂ ਦੇ ਸੈਸ਼ਨ ਦੌਰਾਨ ਇਨ੍ਹਾਂ ਗੰਭੀਰ ਮੁੱਦਿਆਂ 'ਤੇ ਕੋਈ ਸਾਰਥਕ ਚਰਚਾ ਨਹੀਂ ਹੋਈ। ਢਿੱਲੋਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਅਹਿਮ ਮੁੱਦਿਆਂ 'ਤੇ ਚਰਚਾ ਤੋਂ ਭੱਜ ਰਹੀ ਹੈ, ਕਿਉਂਕਿ ਉਸ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। 
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਸਰਕਾਰ ਨੂੰ ਇਸ ਤਰ੍ਹਾਂ ਜਵਾਬਦੇਹੀ ਤੋਂ ਭੱਜਣ ਨਹੀਂ ਦੇਣਗੇ। ਉਨ੍ਹਾਂ ਕਿਹਾ, "ਪੰਜਾਬ ਨਾਲ ਕੀਤੇ ਹਰ ਧੋਖੇ ਦਾ ਜਵਾਬ ਲਿਆ ਜਾਵੇਗਾ। ਭਾਜਪਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਇਨ੍ਹਾਂ ਮੁੱਦਿਆਂ ਨੂੰ ਹਰ ਪਲੇਟਫਾਰਮ 'ਤੇ ਉਠਾਉਂਦੀ ਰਹੇਗੀ।"


author

Shubam Kumar

Content Editor

Related News