ਅਕਤੂਬਰ ''ਚ 18 ਕਤਲ: ਕੇਵਲ ਸਿੰਘ ਢਿੱਲੋਂ ਨੇ ਪੁੱਛਿਆ, ਜ਼ਿੰਮੇਵਾਰੀ ਕੌਣ ਲਵੇਗਾ?
Wednesday, Oct 28, 2026 - 01:11 AM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ’ਚ ਵਿਗੜੀ ਕਾਨੂੰਨ ਵਿਵਸਥਾ ਲਈ ਸਰਕਾਰ ਨੂੰ ਘੇਰਦਿਆਂ ਹਰ ਫਰੰਟ ਤੇ ਨਾਕਾਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਰ ਕੋਈ ਡਰ ਦੇ ਸਾਏ ਹੇਠ ਜੀਅ ਰਿਹਾ ਹੈ ਤੇ ਸੂਬੇ ’ਚ ਕਾਨੂੰਨ ਦਾ ਰਾਜ ਖ਼ਤਮ ਹੋ ਕੇ "ਜੰਗਲ ਰਾਜ" ਵਰਗੇ ਹਾਲਾਤ ਬਣ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਸਿਰਫ਼ ਇਕ ਦਿਨ ’ਚ ਪੰਜ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ।
ਮੋਗਾ ’ਚ ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ’ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋਏ। ਬਟਾਲਾ ’ਚ ਸ਼ਰਮਾ ਕਾਰ ਸ਼ਿੰਗਾਰ ਦੁਕਾਨ ’ਤੇ ਦਿਨ-ਦਿਹਾੜੇ ਗੋਲੀਆਂ ਚਲਾਈਆਂ ਗਈਆਂ, ਜਿੱਥੇ ਦੁਕਾਨ ਮਾਲਕ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਕ ’ਚ ਇਕ ਜਿਮ ਬਾਹਰ ਫਾਇਰਿੰਗ ਹੋਈ। ਫਗਵਾੜਾ ’ਚ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਬਾਅਦ ’ਚ ਫਿਰੌਤੀ ਮੰਗੀ ਗਈ। 5ਵੀਂ ਵਾਰਦਾਤ ਅੰਮ੍ਰਿਤਸਰ ’ਚ ਵਾਪਰੀ, ਜਿੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਆਪ ਸਰਪੰਚ ਤੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਦਿਨ ਦੇ ਹਾਲਾਤ ਨਹੀਂ, ਸਗੋਂ ਰੋਜ਼ਾਨਾ ਦੀ ਕਹਾਣੀ ਹੈ। ਇਕੱਲੇ ਅਕਤੂਬਰ ’ਚ ਹੁਣ ਤੱਕ 18 ਕਤਲ ਹੋ ਚੁੱਕੇ ਹਨ। ਵਪਾਰੀ ਫਿਰੌਤੀਆਂ ਦੇ ਸ਼ਿਕਾਰ ਹਨ, ਨੌਜਵਾਨ ਸ਼ਰੇਆਮ ਮਾਰੇ ਜਾ ਰਹੇ ਹਨ ਤੇ ਸੱਤਾਧਾਰੀ ਪਾਰਟੀ ਦੇ ਆਪਣੇ ਸਰਪੰਚ ਵੀ ਸੁਰੱਖਿਅਤ ਨਹੀਂ। ਪੁਲਸ ਵੀ ਮਹਿਫ਼ੂਜ਼ ਨਹੀਂ: ਛੇ ਮੁਲਾਜ਼ਮਾਂ ਦੀ ਜਾਨ ਜਾ ਚੁੱਕੀ ਹੈ ਤੇ ਥਾਣਿਆਂ 'ਤੇ ਹਮਲੇ ਹੋ ਰਹੇ ਹਨ। ਜਦੋਂ ਕਾਨੂੰਨ ਦੇ ਰਖਵਾਲੇ ਹੀ ਸੁਰੱਖਿਅਤ ਨਹੀਂ, ਤਾਂ ਆਮ ਨਾਗਰਿਕ ਕਿਸ ਦੇ ਭਰੋਸੇ ਰਹੇ?
ਢਿੱਲੋਂ ਨੇ ਸਵਾਲ ਕੀਤਾ ਕਿ ਇਸ ਸਭ ਦੀ ਜ਼ਿੰਮੇਵਾਰੀ ਕੌਣ ਲਵੇਗਾ, ਮੁੱਖ ਮੰਤਰੀ ਭਗਵੰਤ ਮਾਨ ਜਾਂ 'ਸੁਪਰ ਸੀ.ਐੱਮ.' ਅਰਵਿੰਦ ਕੇਜਰੀਵਾਲ? ਉਨ੍ਹਾਂ ਕਿਹਾ ਕਿ ਕੌਮੀ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਕਤਲ ਵਾਲੇ ਦਿਨ ਤੋਂ ਕੇਜਰੀਵਾਲ ਪੰਜਾਬ ਦੇ ਮੰਚ ਤੋਂ ਗ਼ਾਇਬ ਹਨ ਜਦਕਿ ਪੰਜਾਬ ਦੇ ਫ਼ੈਸਲੇ ਸਭ ਕੇਜਰੀਵਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਆਪ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਾਬਤ ਹੋਈ ਹੈ। ਪੰਜਾਬ ਨੂੰ ਝੂਠੇ ਬਿਆਨਾਂ ਤੇ ਇਸ਼ਤਿਹਾਰਬਾਜ਼ੀ ਦੀ ਨਹੀਂ, ਜਵਾਬਦੇਹੀ ਦੀ ਲੋੜ ਹੈ। ਭਾਜਪਾ ਪ੍ਰਧਾਨ ਪ੍ਰਧਾਨ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਕੇ ਅਸਤੀਫ਼ਾ ਦੇਵੇ। ਢਿੱਲੋਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਇਸ ਸਰਕਾਰ ਤੋਂ ਖਹਿੜਾ ਛੁਡਾਉਣ ਦਾ। ਪੰਜਾਬ ਦੇ ਲੋਕ ਇਸ ਨਾਕਾਮ ਸਰਕਾਰ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ।
