ਪੰਜਾਬ ''ਚ ''ਗੱਠਜੋੜ'' ਸਰਕਾਰ ਬਾਰੇ ਅਮਿਤ ਸ਼ਾਹ ਦੇ ਬਿਆਨ ਮਗਰੋਂ ਕੇਵਲ ਢਿੱਲੋਂ ਨੇ ਦੱਸੀ ਅਸਲ ਗੱਲ

Thursday, Oct 22, 2026 - 07:58 PM (IST)

ਪੰਜਾਬ ''ਚ ''ਗੱਠਜੋੜ'' ਸਰਕਾਰ ਬਾਰੇ ਅਮਿਤ ਸ਼ਾਹ ਦੇ ਬਿਆਨ ਮਗਰੋਂ ਕੇਵਲ ਢਿੱਲੋਂ ਨੇ ਦੱਸੀ ਅਸਲ ਗੱਲ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੀ ਸਿਆਸਤ ਵਿਚ ਅੱਜ ਉਸ ਵੇਲੇ ਇਕ ਵਾਰ ਫ਼ਿਰ ਤੋਂ ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਵਿਚ ਰਾਸ਼ਟਰੀ ਜਮਹੂਰੀ ਗੱਠਜੋੜ (NDA) ਦੀ ਸਰਕਾਰ ਬਣਾਉਣ ਦੀ ਗੱਲ ਆਖ਼ੀ। ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ NDA ਦੀ ਪ੍ਰਮੁੱਖ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਲੰਮਾ ਸਮਾਂ ਇਸ ਗੱਠਜੋੜ ਦਾ ਹਿੱਸਾ ਰਿਹਾ ਹੈ। ਹਾਲਾਂਕਿ ਕਿਸਾਨੀ ਅੰਦੋਲਨ ਦੌਰਾਨ ਅਕਾਲੀ ਦਲ ਨੇ ਖ਼ੁਦ ਨੂੰ ਇਸ ਗੱਠਜੋੜ ਤੋਂ ਵੱਖ ਕਰ ਲਿਆ ਸੀ। ਹੁਣ ਅਮਿਤ ਸ਼ਾਹ ਦੇ ਇਸ ਬਿਆਨ ਮਗਰੋਂ ਸਿਆਸੀ ਹਲਕਿਆਂ ਵਿਚ ਇਹ ਚਰਚਾ ਤੇਜ਼ ਹੋ ਗਈ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫ਼ਿਰ ਇਕਜੁੱਟ ਹੋ ਸਕਦੇ ਹਨ। 

ਹਾਲਾਂਕਿ ਇਸ ਬਿਆਨ ਬਾਰੇ ਹੁਣ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਥਿਤੀ ਸਪਸ਼ਟ ਕੀਤੀ ਹੈ। ਕੇਵਲ ਸਿੰਘ ਢਿੱਲੋਂ ਨੇ ਆਖ਼ਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਜਦੋਂ ਆਖ਼ਿਆ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ NDA ਦੀ ਹੋਵੇਗੀ ਤਾਂ ਇੱਥੇ NDA ਦਾ ਮਤਲਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਹੈ। ਉਨ੍ਹਾਂ ਕਿਹਾ ਕਿ ਸਾਡੀ 117 ਸੀਟਾਂ 'ਤੇ ਪੂਰੀ ਤਿਆਰੀ ਹੈ, ਅਸੀਂ 2027 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ।

ਇਕ ਵੀਡੀਓ ਬਿਆਨ ਜਾਰੀ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋ ਦਿਨ ਪਹਿਲਾਂ ਪੰਜਾਬ ਆ ਕੇ 31 ਦਸੰਬਰ 2029 ਤੱਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ। ਅੱਜ ਮੁੜ ਗ੍ਰਹਿ ਮੰਤਰੀ ਨੇ ਸੂਬੇ ਵਿਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੀ ਗੱਲ ਦੁਹਰਾਈ ਹੈ ਅਤੇ ਨਾਲ ਹੀ ਪੰਜਾਬ ਵਿਚ ਐਨਡੀਏ ਦੀ ਸਰਕਾਰ ਬਣਾਉਣ ਦੀ ਗੱਲ ਕਹੀ, ਜਿਸ ਦਾ ਮਤਲਬ ਹੈ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਸਾਰੇ 117 ਹਲਕਿਆਂ ਲਈ ਤਿਆਰ ਹੈ ਅਤੇ ਪੂਰੀ ਤਿਆਰੀ ਨਾਲ ਆਪਣੇ ਦਮ 'ਤੇ ਚੋਣ ਲੜੇਗੀ। ਪੰਜਾਬ ਦੇ ਲੋਕਾਂ ਦਾ ਪਾਰਟੀ 'ਤੇ ਵਿਸ਼ਵਾਸ ਹੈ ਅਤੇ ਭਾਜਪਾ 2027 ਵਿਚ ਬਹੁਮਤ ਨਾਲ ਸਰਕਾਰ ਬਣਾਵੇਗੀ।


author

Anmol Tagra

Content Editor

Related News