ਕਰਤਾਰਪੁਰ ਕੋਰੀਡੋਰ ਦਾ ਕੰਮ 6 ਦਿਨਾਂ ਤੋਂ ਬੰਦ, ਨਾਰਾਜ਼ ਹੋਏ ਰੰਧਾਵਾ

08/28/2019 9:54:17 AM

 ਚੰਡੀਗਡ਼੍ਹ (ਅਸ਼ਵਨੀ) – ਪਿਛਲੇ 6 ਦਿਨਾਂ ਤੋਂ ਭਾਰਤ ਵਲੋਂ ਬੰਦ ਪਏ ਕਰਤਾਰਪੁਰ ਕੋਰੀਡੋਰ ਦੇ ਕੰਮ ਨੂੰ ਲੈ ਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਨਾਰਾਜ਼ਗੀ ਜਤਾਈ ਹੈ। ਰੰਧਾਵਾ ਨੇ ਕਿਹਾ ਕਿ ਪਾਕਿ ਵੱਲ ਕੋਰੀਡੋਰ ਦਾ 80 ਫੀਸਦੀ ਕਾਰਜ ਮੁਕੰਮਲ ਹੋ ਗਿਆ ਹੈ ਪਰ ਭਾਰਤ ਵੱਲੋਂ ਹਾਲੇ ਕਾਫੀ ਕੰਮ ਅਧੂਰੇ ਪਏ ਹਨ। ਇਸ ਸਬੰਧ ’ਚ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਟੋਨ ਕਰੈਸ਼ਰ ਨੂੰ ਲੈ ਕੇ ਕੁੱਝ ਵਿਵਾਦ ਕਾਰਣ ਕੰਮ ਵਿਚਕਾਰ ਲਟਕਿਆ ਹੋਇਆ ਹੈ ਪਰ ਛੇਤੀ ਹੀ ਕੰਮ ’ਚ ਤੇਜ਼ੀ ਲਿਆਂਦੀ ਜਾਵੇਗੀ। ਰੰਧਾਵਾ ਨੇ ਦੱਸਿਆ ਕਿ ਬੈਠਕ ’ਚ ਸਿਰਫ਼ ਕਰਤਾਰਪੁਰ ਕੋਰੀਡੋਰ ਨਹੀਂ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਦੌਰਾਨ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਦੇ ਸਬੰਧ ’ਚ ਇਕ-ਇਕ ਪੁਆਇੰਟ ’ਤੇ ਚਰਚਾ ਹੋਈ। ਇਸ ਦੌਰਾਨ ਤੈਅ ਕੀਤਾ ਗਿਆ ਕਿ ਪ੍ਰਕਾਸ਼ ਪੁਰਬ ’ਤੇ 550 ਸ਼ਰਧਾਲੂਆਂ ਦਾ ਜੱਥਾ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਜਾਵੇਗਾ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਹੋਵੇਗਾ, ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਲਤਾਨਪੁਰ ਲੋਧੀ ਲਿਆ ਕੇ ਇਥੇ ਅਖੰਡ ਪਾਠ ਹੋਵੇਗਾ।

11000 ਸ਼ਰਧਾਲੂਆਂ ਦਾ ਪਹਿਲਾ ਜਥਾ ਲੰਘੇਗਾ ਕੋਰੀਡੋਰ ਤੋਂ

ਰੰਧਾਵਾ ਨੇ ਕਿਹਾ ਕਿ ਪਾਕਿਸਤਾਨ ਨੇ ਕਰੀਬ 5000 ਸ਼ਰਧਾਲੂਆਂ ਦੇ ਜਥੇ ਨੂੰ ਮਨਜ਼ੂਰੀ ਦਿੱਤੀ ਹੈ ਪਰ ਰਾਜ ਸਰਕਾਰ ਕਰੀਬ 11000 ਸ਼ਰਧਾਲੂਆਂ ਦੇ ਜਥੇ ਨੂੰ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਤਾਂ ਕਿ ਜਥੇ ਨੂੰ ਮਨਜ਼ੂਰੀ ਮਿਲ ਸਕੇ। ਇਸ ਸਬੰਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਗਮ ਲਈ ਵੀ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਆਉਣਾ ਸਵੀਕਾਰ ਕੀਤਾ ਹੈ। ਜਿੱਥੋਂ ਤੱਕ ਮਾਮਲਾ ਜਥੇ ਦੀ ਅਗਵਾਈ ਦਾ ਹੈ ਤਾਂ ਇਸ ਦਾ ਫੈਸਲਾ ਪ੍ਰਧਾਨ ਮੰਤਰੀ ਦਫ਼ਤਰ ਨੇ ਲੈਣਾ ਹੈ। ਪੰਜਾਬ ਦੇ ਪੱਧਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਥੇ ਦੀ ਅਗਵਾਈ ਕਰਨਗੇ।

ਸੁਬਰਾਮਣੀਅਮ ਸਵਾਮੀ ਦੇ ਬਿਆਨ ’ਤੇ ਜਤਾਈ ਨਾਰਾਜ਼ਗੀ

ਰੰਧਾਵਾ ਨੇ ਸੁਬਰਾਮਣੀਅਮ ਸਵਾਮੀ ਦੇ ਬਿਆਨ ’ਤੇ ਵੀ ਸਖਤ ਨਾਰਾਜ਼ਗੀ ਜਤਾਈ ਹੈ। ਸੁਬਰਾਮਣੀਅਮ ਸਵਾਮੀ ਨੇ ਕਰਤਾਰਪੁਰ ਕੋਰੀਡੋਰ ਦੇ ਕਾਰਜ ਨੂੰ ਰੋਕਣ ਦੀ ਹਮਾਇਤ ਕੀਤੀ ਸੀ, ਜਿਸ ’ਤੇ ਪਲਟਵਾਰ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਸਵਾਮੀ ਬਿਨਾਂ ਕਾਰਣ ਸ਼ਾਂਤੀ ਮਿਸ਼ਨ ’ਚ ਅਡ਼ਚਣ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਤਵਾਦ ਦੌਰਾਨ ਉਹ ਖਾਲਿਸਤਾਨ ਸਮਰਥਕਾਂ ਦੀ ਭਾਸ਼ਾ ਬੋਲਦੇ ਸਨ ਅਤੇ ਹੁਣ ਸਿੱਖ ਵਿਰੋਧੀ ਬਿਆਨ ਦੇ ਰਹੇ ਹਨ, ਜੋ ਨਿੰਦਣਯੋਗ ਹੈ।


rajwinder kaur

Content Editor

Related News