ਕਲਯੁਗੀ ਮਾਂ ਨੇ ਮਾਸੂਮ ਪੁੱਤ ਦਾ ਕੀਤਾ ਕਤਲ (ਵੀਡੀਓ)

Wednesday, Jun 10, 2020 - 02:25 PM (IST)

ਸ਼ਾਹਕੋਟ, (ਤ੍ਰੇਹਨ)– ਸਥਾਨਕ ਪੁਲਸ ਥਾਣਾ ਅਧੀਨ ਆਉਂਦੇ ਪਿੰਡ ਸੋਹਲ ਜਗੀਰ ਵਿਖੇ ਅੱਜ ਇਕ ਕਲਯੁਗੀ ਮਾਂ ਨੇ ਸੱਸ ਨਾਲ ਤਕਰਾਰ ਤੋਂ ਬਾਅਦ ਆਪਣੇ 6 ਸਾਲਾ ਦੇ ਮਾਸੂਮ ਪੁੱਤ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਕੋਠੇ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਸਥਾਨਕ ਪੁਲਸ ਥਾਣੇ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਸੋਹਲ ਜਗੀਰ ਆਪਣੇ ਪੁੱਤਰ ਅਰਸ਼ਪ੍ਰੀਤ ਸਿੰਘ ਨਾਲ ਸਹੁਰੇ ਘਰ ਰਹਿੰਦੀ ਹੈ। ਉਸ ਦਾ ਪਤੀ ਸੁਰਜੀਤ ਸਿੰਘ ਇਟਲੀ ਵਿਖੇ ਰਹਿੰਦਾ ਹੈ। ਅਰਸ਼ਪ੍ਰੀਤ ਆਪਣੀ ਦਾਦੀ ਚਰਨਜੀਤ ਕੌਰ ਨਾਲ ਵਧੇਰੇ ਪਿਆਰ ਕਰਦਾ ਸੀ। ਕੁਲਵਿੰਦਰ ਕੌਰ ਨੇ ਇਸ ਸਬੰਧੀ ਆਪਣੇ ਪੁੱਤ ਨੂੰ ਕਈ ਵਾਰ ਡਾਂਟਿਆ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਲਵਿੰਦਰ ਕੌਰ ਦੀ ਆਪਣੀ ਸੱਸ ਨਾਲ ਕਾਫੀ ਜਿਆਦਾ ਬਹਿਸਬਾਜ਼ੀ ਹੋਈ ਸੀ। ਅਰਸ਼ਪ੍ਰੀਤ ਸਿੰਘ ਆਪਣੀ ਮਾਂ ਨਾਲ ਵੱਖ ਕਮਰੇ ਵਿਚ ਸੌਂਦਾ ਸੀ। ਬੀਤੀ ਰਾਤ ਕੁਲਵਿੰਦਰ ਕੌਰ ਨੇ ਚਾਕੂ ਨਾਲ ਅਰਸ਼ਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਕਤਲ ਉਪਰੰਤ ਕੁਲਵਿੰਦਰ ਕੌਰ ਨੇ ਘਰ ਦੀ ਛੱਤ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕੌਰ ਜ਼ਖਮੀ ਹਾਲਤ ਵਿਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਿਵਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਉਪਰੰਤ ਬੱਚੇ ਦੀ ਮ੍ਰਿਤਕ ਦੇਹ ਘਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।


author

Bharat Thapa

Content Editor

Related News