ਵੱਡੀ ਖ਼ਬਰ: ਕਬੱਡੀ ਖਿਡਾਰੀ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸੇ

Tuesday, Nov 11, 2025 - 06:33 PM (IST)

ਵੱਡੀ ਖ਼ਬਰ: ਕਬੱਡੀ ਖਿਡਾਰੀ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸੇ

ਸਮਰਾਲਾ (ਵਿਪਨ): ਪੁਲਸ ਨੇ ਸਮਰਾਲਾ ਦੇ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਪੂਰੀ ਤਰ੍ਹਾਂ ਸੁਲਝਾ ਲਈ ਹੈ। ਐੱਸ.ਐੱਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਤਰਨਤਾਰਨ ਵਿਚ ਗ੍ਰਿਫ਼ਤਾਰੀ ਅਤੇ ਬਾਅਦ ਵਿਚ ਮੁਕਾਬਲੇ ਨਾਲ ਜੁੜੇ ਪੂਰੇ ਘਟਨਾਕ੍ਰਮ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਅਹਿਮ ਖੁਲਾਸੇ ਕੀਤੇ। ਡਾ. ਬੈਂਸ ਨੇ ਦੱਸਿਆ ਕਿ ਇਹ ਮਾਮਲਾ ਇੱਕ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਪੁਲਸ ਨੇ ਚਾਰ ਮੁੱਖ ਦੋਸ਼ੀਆਂ ਸਮੇਤ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਦੋਸ਼ੀਆਂ ਨੂੰ ਪਨਾਹ ਜਾਂ ਮਦਦ ਦਿੱਤੀ ਸੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੂੰ ਤਰਨਤਾਰਨ ਵਿਚ ਲੁਕਾਉਣ ਦਾ ਪ੍ਰਬੰਧ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਚੀ ਗਈ ਸੀ ਪੰਜਾਬ 'ਚ ਹੋਏ ਕਾਂਡ ਦੀ ਸਾਜ਼ਿਸ਼! ਮਾਮਲੇ 'ਚ ਹੋਏ ਸਨਸਨੀਖੇਜ਼ ਖ਼ੁਲਾਸੇ

ਖੂਨਦਾਨ ਕੈਂਪ ਕਾਰਨ ਹੋਈ ਸੀ ਲੜਾਈ, ਗਲਤੀ ਨਾਲ ਲੱਗੀ ਗੁਰਵਿੰਦਰ ਦੇ ਗੋਲੀ

ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਰੰਜਿਸ਼ ਸਮਰਾਲਾ ਵਿਚ ਕੁਝ ਦਿਨ ਪਹਿਲਾਂ ਆਯੋਜਿਤ ਖੂਨਦਾਨ ਕੈਂਪ ਦੌਰਾਨ ਹੋਈ ਲੜਾਈ ਨਾਲ ਸ਼ੁਰੂ ਹੋਈ ਸੀ। ਇਸ ਕੈਂਪ ਦੌਰਾਨ ਧਰਮਵੀਰ ਉਰਫ਼ ਧਰਮਾ ਅਤੇ ਉਸ ਦੇ ਸਾਥੀਆਂ, ਜੋ ਕਿ ਬਾਬੂ ਸਮਰਾਲਾ (ਐਂਟੀ ਗਰੁੱਪ) ਨਾਲ ਜੁੜੇ ਹਨ, ਨੇ ਕਰਨ ਮਾਦਪੁਰ ਦੇ ਪਿਤਾ ਨਾਲ ਝਗੜਾ ਕੀਤਾ ਸੀ। ਇਸ ਦਾ ਬਦਲਾ ਲੈਣ ਲਈ, ਕਰਨ ਮਾਦਪੁਰ ਨੇ 3 ਨਵੰਬਰ ਦੀ ਰਾਤ ਨੂੰ ਧਰਮਵੀਰ ਧਰਮਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ। ਪਰ ਗੋਲੀ ਬੇਕਸੂਰ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਨੂੰ ਲੱਗ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਵਿੰਦਰ ਉਸ ਸਮੇਂ ਸਿਰਫ਼ ਆਪਣੇ ਦੋਸਤਾਂ ਨਾਲ ਮੌਜੂਦ ਸੀ ਅਤੇ ਉਸ ਦਾ ਕਿਸੇ ਵਿਵਾਦ ਨਾਲ ਕੋਈ ਸਬੰਧ ਨਹੀਂ ਸੀ। ਵਾਰਦਾਤ ਤੋਂ ਇਕ ਦਿਨ ਪਹਿਲਾਂ ਸੰਦੀਪ ਸਿੰਘ ਨਾਮਕ ਵਿਅਕਤੀ ਵੀ ਦੋਸ਼ੀਆਂ ਨਾਲ ਰੇਕੀ ਕਰਨ ਗਿਆ ਸੀ, ਅਤੇ ਸਾਰੇ ਦੋਸ਼ੀਆਂ ਨੇ ਮਿਲ ਕੇ ਹਮਲੇ ਦੀ ਪੂਰੀ ਯੋਜਨਾ ਬਣਾਈ ਸੀ।

ਜੇਲ੍ਹ ਤੇ ਵਿਦੇਸ਼ ਤੋਂ ਚੱਲ ਰਿਹਾ ਗੈਂਗਸਟਰ ਦਾ ਨੈੱਟਵਰਕ

ਗੈਂਗਸਟਰਾਂ ਦਾ ਨੈੱਟਵਰਕ ਗੈਂਗਸਟਰਾਂ ਦਾ ਨੈੱਟਵਰਕ ਜੇਲ੍ਹ ਅਤੇ ਵਿਦੇਸ਼ਾਂ ਤੋਂ ਚੱਲ ਰਿਹਾ ਸੀ। ਵਾਰਦਾਤ ਤੋਂ ਬਾਅਦ ਦੋਸ਼ੀ ਵਿਦੇਸ਼ ਵਿਚ ਬੈਠੇ ਗੈਂਗਸਟਰ ਜਤਿੰਦਰ ਟਿੱਡੀ ਦੇ ਸੰਪਰਕ ਵਿਚ ਸਨ। ਟਿੱਡੀ ਨੇ ਉਨ੍ਹਾਂ ਨੂੰ ਆਪਣੇ ਸਾਥੀ ਦਵਿੰਦਰ ਸਿੰਘ ਦੇ ਘਰ ਤਰਨਤਾਰਨ ਵਿਚ ਜਾ ਕੇ ਲੁਕਣ ਦੀ ਸਲਾਹ ਦਿੱਤੀ ਸੀ। ਸਾਰੇ ਦੋਸ਼ੀ ਲਗਾਤਾਰ ਫ਼ੋਨ 'ਤੇ ਸੰਪਰਕ ਵਿਚ ਸਨ ਅਤੇ ਦੇਸ਼ ਛੱਡਣ ਦੀ ਤਿਆਰੀ ਕਰ ਰਹੇ ਸਨ। ਇਸ ਪਿੱਛੇ ਬਠਿੰਡਾ ਜੇਲ੍ਹ ਵਿਚ ਬੈਠੇ ਗੈਂਗਸਟਰ ਰਵੀ ਰਾਜਗੜ੍ਹ ਦਾ ਵੀ ਹੱਥ ਹੈ। ਫਰਜ਼ੀ ਸੋਸ਼ਲ ਮੀਡੀਆ ਪੋਸਟ ਸੋਸ਼ਲ ਮੀਡੀਆ 'ਤੇ ਅਨਮੋਲ ਬਿਸ਼ਨੋਈ ਦੇ ਨਾਮ 'ਤੇ ਵਾਇਰਲ ਕੀਤੀ ਗਈ ਫਰਜ਼ੀ ਪੋਸਟ ਵੀ ਇਕ ਸਾਜ਼ਿਸ਼ ਦਾ ਹਿੱਸਾ ਸੀ। ਜਾਂਚ ਵਿਚ ਪਾਇਆ ਗਿਆ ਕਿ ਇਹ ਪੋਸਟ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਮਲਣਾ ਨਿਵਾਸੀ ਸੁਖਦੀਪ ਸਿੰਘ ਸੀਪਾ ਨੇ ਵਿਦੇਸ਼ ਵਿਚ ਬੈਠ ਕੇ ਕੀਤੀ ਸੀ। ਉਸ ਨੇ ਸਿਰਫ਼ ਪ੍ਰਸਿੱਧੀ ਹਾਸਲ ਕਰਨ ਲਈ ਖੁਦ ਨੂੰ ਇਸ ਕੇਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਅਤੇ ਉਸ ਨੂੰ ਵੀ ਹੁਣ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਬਣਿਆ ਭਿਆਨਕ ਮੰਜ਼ਰ! ਆਪ ਹੀ ਵੇਖ ਲਓ ਮੌਕੇ ਦੇ ਹਾਲਾਤ (ਵੀਡੀਓ)

ਪੁਲਸ ਤੇ ਮੁਲਜ਼ਮਾਂ ਵਿਚਾਲੇ ਹੋਈ ਫ਼ਾਇਰਿੰਗ 

3 ਨਵੰਬਰ ਦੀ ਰਾਤ ਨੂੰ ਮਾਨਕੀ ਪਿੰਡ ਵਿਚ ਫਾਇਰਿੰਗ ਦੀ ਘਟਨਾ ਤੋਂ ਬਾਅਦ, ਪੁਲਸ ਨੇ ਤੁਰੰਤ ਕਤਲ ਦਾ ਕੇਸ ਦਰਜ ਕੀਤਾ। ਪੁਲਸ ਨੂੰ ਜਲਦੀ ਹੀ ਸੁਰਾਗ ਮਿਲਿਆ ਕਿ ਦੋਸ਼ੀ ਤਰਨਤਾਰਨ ਜ਼ਿਲ੍ਹੇ ਵਿੱਚ ਲੁਕੇ ਹੋਏ ਹਨ। ਖੰਨਾ ਪੁਲਸ ਨੇ ਤਰਨਤਾਰਨ ਤੋਂ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਮੁੱਖ ਦੋਸ਼ੀ ਗੁਰਤੇਜ ਸਿੰਘ ਉਰਫ਼ ਤੇਜੀ ਅਤੇ ਹਰਕਰਨ ਸਿੰਘ ਉਰਫ਼ ਕਰਨ (ਮਾਦਪੁਰ) ਸ਼ਾਮਲ ਸਨ। ਹਥਿਆਰਾਂ ਦੀ ਬਰਾਮਦਗੀ ਲਈ ਜਦੋਂ ਪੁਲਸ ਦੋਵਾਂ ਨੂੰ ਦੋਰਾਹਾ ਨੇੜੇ ਕੁਬੇ ਪਿੰਡ ਦੀ ਇਕ ਪੁਰਾਣੀ ਇਮਾਰਤ ਵਿਚ ਲੈ ਗਈ, ਤਾਂ ਕਰਨ ਮਾਦਪੁਰ ਨੇ ਅਚਾਨਕ ਪਿਸਤੌਲ ਚੁੱਕ ਕੇ ਪੁਲਸ 'ਤੇ ਗੋਲੀ ਚਲਾ ਦਿੱਤੀ। ਗੋਲੀ ਸੀ.ਆਈ.ਏ. ਇੰਚਾਰਜ ਨਰਪਿੰਦਰਪਾਲ ਸਿੰਘ ਦੀ ਪੱਟ ਵਿੱਚ ਲੱਗੀ। ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਫਾਇਰਿੰਗ ਕੀਤੀ, ਜਿਸ ਵਿਚ ਕਰਨ ਮਾਦਪੁਰ ਦੇ ਗੋਡੇ ਵਿਚ ਗੋਲੀ ਲੱਗੀ। ਦੂਜਾ ਦੋਸ਼ੀ ਗੁਰਤੇਜ ਸਿੰਘ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਵਿੱਚ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਪੁਲਿਸ ਅਧਿਕਾਰੀ ਅਤੇ ਦੋਵੇਂ ਦੋਸ਼ੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ਤੋਂ ਇਕ ਪਿਸਤੌਲ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।


author

Anmol Tagra

Content Editor

Related News