ਪੱਤਰਕਾਰ ਦੀ ਪਤਨੀ ''ਤੇ ਕਾਤਲਾਨਾ ਹਮਲਾ ਕਰਨ ਵਾਲਾ ਕਾਬੂ

Friday, Nov 10, 2017 - 08:15 PM (IST)

ਜਗਰਾਓਂ— ਕਰੀਬ ਦਸ ਦਿਨ ਪਹਿਲਾਂ 30 ਅਕਤੂਬਰ ਨੂੰ ਇਥੋਂ ਦੇ ਨਿਊ ਪ੍ਰੀਤ ਵਿਹਾਰ ਇਲਾਕੇ 'ਚ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ਕਾਜਲ ਗਰਗ 'ਤੇ ਘਰ 'ਚ ਦਾਖਲ ਹੋ ਕੇ ਕਾਤਲਾਨਾ ਹਮਲਾ ਕਰਨ ਵਾਲੇ ਨੌਜਵਾਨ ਮੁਲਜ਼ਮ ਨੂੰ ਸਿਟੀ ਪੁਲਸ ਨੇ ਕਾਬੂ ਕਰ ਲਿਆ ਹੈ। ਥਾਣਾ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਕਿੱਕਰ ਸਿੰਘ ਨੇ ਜਸਪ੍ਰੀਤ ਸਿੰਘ ਵਾਸੀ ਚੂਹੜਚੱਕ ਨੂੰ ਗੁਪਤ ਇਤਲਾਹ ਦੇ ਆਧਾਰ 'ਤੇ ਕਾਬੂ ਕੀਤਾ। ਪੁਲਸ ਅਨੁਸਾਰ ਮੁਲਜ਼ਮ ਕੋਲੋਂ ਹਮਲੇ ਸਮੇਂ ਵਰਤਿਆ ਚਾਕੂ, ਘਟਨਾ ਸਮੇਂ ਖੋਹੀ ਗਈ ਸੋਨੇ ਦੀ ਚੇਨ ਤੇ ਦੋਵੇਂ ਮੁੰਦਰੀਆਂ ਵੀ ਬਰਾਮਦ ਹੋ ਗਈਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਲਾਤ ਦੇ ਹੁਕਮਾਂ 'ਤੇ ਜੇਲ੍ਹ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਨਾਂ ਦਾ ਇਹ ਨੌਜਵਾਨ ਪੱਤਰਕਾਰ ਦੇ ਘਰ 'ਚ ਦਾਖਲ ਹੋਇਆ ਸੀ ਅਤੇ ਚਾਕੂ ਦੇ ਕਈ ਵਾਰ ਕਰਕੇ ਕਾਜਲ ਗਰਗ ਨੂੰ ਗੰਭੀਰ ਰੂਪ 'ਚ ਫੱਟੜ ਕਰ ਦਿੱਤਾ ਸੀ ਜੋ ਹਾਲੇ ਵੀ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ 'ਚ ਜ਼ੇਰੇ ਇਲਾਜ ਹੈ। ਪੁਲਸ ਨੇ ਇਸ ਨੌਜਵਾਨ ਖਿਲਾਫ ਇਰਾਦਾ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।


Related News