ਜ਼ਬਰਦਸਤੀ ਵਸੂਲੀ ਕਰਨ ਵਾਲੇ ਲੱਕੀ ਬਰਾੜ ਗਿਰੋਹ ਦੇ 5 ਮੈਂਬਰ ਕਾਬੂ
Friday, Nov 15, 2024 - 02:23 AM (IST)
ਮੋਗਾ (ਆਜ਼ਾਦ) - ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ, ਡੀ. ਐੱਸ. ਪੀ. ਆਈ. ਲਵਦੀਪ ਸਿੰਘ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦਲਵੀਰ ਸਿੰਘ ਉਰਫ ਲੱਕੀ ਨਿਵਾਸੀ ਪਿੰਡ ਚੜਿੱਕ ਹਾਲ ਕੈਨੇਡਾ ਜੋ ਵਿਦੇਸ਼ ਤੋਂ ਧਮਕੀ ਭਰੇ ਫੋਨ ਕਰ ਕੇ ਫਿਰੌਤੀ ਦੀ ਮੰਗ ਕਰਦਾ ਸੀ, ਦੇ ਗਿਰੋਹ ਨਾਲ ਸਬੰਧਤ 5 ਮੈਂਬਰਾਂ ਨੂੰ ਕਾਬੂ ਕਰ ਕੇ ਫਿਰੌਤੀ ਦੇ 1 ਲੱਖ 90 ਹਜ਼ਾਰ ਰੁਪਏ ਦੇ ਇਲਾਵਾ 4 ਫੋਨ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਜਦ ਸੀ. ਆਈ. ਏ. ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਲਖਵੀਰ ਸਿੰਘ ਉਰਫ ਲੱਕੀ ਬਰਾੜ ਨਿਵਾਸੀ ਪਿੰਡ ਚੜਿੱਕ ਜੋ ਕੈਨੇਡਾ ਰਹਿੰਦਾ ਹੈ ਨੇ ਆਪਣੇ ਸਾਥੀਆਂ ਅਰਸ਼ਦੀਪ ਸਿੰਘ ਉਰਫ ਅਰਸ਼, ਗੁਰਜੀਤ ਸਿੰਘ ਉਰਫ ਜੱਗਾ, ਹਰਦੀਪ ਸਿੰਘ ਉਰਫ ਹਨੀ, ਕੁਲਦੀਪ ਸਿੰਘ ਉਰਫ ਲੱਡੂ, ਗਿਰਦੋਰ ਸਿੰਘ ਸਾਰੇ ਨਿਵਾਸੀ ਪਿੰਡ ਚੜਿੱਕ ਅਤੇ 4-5 ਹੋਰ ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਵੱਖ ਗਿਰੋਹ ਬਣਾ ਰੱਖਿਆ ਹੈ ਅਤ ਉਹ ਸਾਰੇ ਮਿਲ ਕੇ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਫੋਨ ਕਰ ਕੇ ਫਿਰੌਤੀਆਂ ਵਸੂਲਦੇ ਹਨ ਅਤੇ ਉਹ ਸਾਰੇ ਲੱਕੀ ਬਰਾੜ ਲਈ ਕੰਮ ਕਰਦੇ ਹਨ ਅਤੇ ਲੱਕੀ ਬਰਾੜ ਹੀ ਵਿਦੇਸ਼ ਤੋਂ ਧਮਕੀ ਭਰੇ ਫੋਨ ਕਰਦਾ ਹੈ ਅਤੇ ਅੱਜ ਉਹ ਬੱਸ ਅੱਡਾ ਝੰਡੇਆਣਾ ਚੜਿੱਕ ਰੋਡ ’ਤੇ ਖੜ੍ਹੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਤੋਂ 4 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਲਖਵੀਰ ਸਿੰਘ ਉਰਫ ਲੱਕੀ ਬਰਾੜ ਦੇ ਕੀਤੇ ਕੰਮ ਕਰਦੇ ਹਨ ਅਤੇ ਉਹ ਸਾਨੂੰ ਦੱਸਦਾ ਹੈ ਅਤੇ ਇਸ ਦੇ ਬਾਅਦ ਅਸੀਂ ਫਿਰੌਤੀ ਵਸੂਲਦੇ ਹਾਂ। ਅਸੀਂ ਸਾਰੇ ਉਸ ਦੇ ਕਹਿਣ ’ਤੇ ਪਿੰਡਾਂ ਵਿਚ ਸਥਿਤ ਇਕ ਸਵੀਟ ਹਾਊਸ ਤੋਂ 1 ਲੱਖ 90 ਹਜ਼ਾਰ ਰੁਪਏ ਦੀ ਫਿਰੌਤੀ ਲੈਕੇ ਆਏ ਹਾਂ। ਜੋ ਪੁਲਸ ਨੇ ਉਨ੍ਹਾਂ ਤੋਂ ਬਰਾਮਦ ਕੀਤੀ। ਸੀ. ਆਈ. ਏ. ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਲਖਵੀਰ ਸਿੰਘ ਉਰਫ ਲੱਕੀ ਬਰਾੜ ਦੀ ਗ੍ਰਿਫਤਾਰੀ ਬਾਕੀ ਹੈ, ਕਿਉਂਕਿ ਉਹ ਵਿਦੇਸ਼ ਵਿਚ ਰਹਿੰਦਾ ਹੈ। ਕਥਿਤ ਦੋਸ਼ੀਆਂ ਤੋਂ ਪੁੱਛ-ਗਿੱਛ ਦੇ ਦੌਰਾਨ ਇਹ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਗਿਰੋਹ ਨੇ ਪਹਿਲਾਂ ਕਿਸ ਕਿਸ ਨੂੰ ਆਪਣਾ ਨਿਸ਼ਾਨਾ ਬਣਾ ਕੇ ਜਬਰਦਸਤੀ ਫਿਰੌਤੀਆਂ ਵਸੂਲ ਕੀਤੀਆਂ ਹਨ?