ਨੈਸ਼ਨਲ ਹਾਈਵੇਅ ’ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਤੇ ਵਸੂਲੀ ਕਰਨ ਵਾਲੇ 2 ਕਾਬੂ

Monday, Nov 04, 2024 - 10:29 AM (IST)

ਨੈਸ਼ਨਲ ਹਾਈਵੇਅ ’ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਤੇ ਵਸੂਲੀ ਕਰਨ ਵਾਲੇ 2 ਕਾਬੂ

ਬੁਢਲਾਡਾ (ਬਾਂਸਲ) : ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਲੁੱਟ-ਖੋਹ ਦੀ ਨੀਅਤ ਨਾਲ ਘੇਰ ਕੇ ਗੱਡੀਆਂ ਦੇ ਸ਼ੀਸ਼ਿਆਂ ਨੂੰ ਭੰਨ ਕੇ, ਉਨ੍ਹਾਂ ਦੀਆਂ ਗੱਡੀਆਂ ਰੋਕ ਕੇ ਰਾਹਗੀਰਾਂ ਕੋਲੋਂ ਜ਼ਬਰੀ ਵਸੂਲੀ ਕਰਦਿਆਂ ਹੁੱਲੜਬਾਜ਼ੀ ਕਰਦੇ 2 ਨੌਜਵਾਨਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਕਿ ਇਹ ਨੌਜਵਾਨ ਕਿਸ ਤਰ੍ਹਾਂ ਰਾਹਗੀਰਾਂ ਨਾਲ ਲੁੱਟ-ਖੋਹ ਕਰ ਰਹੇ ਸਨ। ਇਕੱਤਰ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਗਮਦੂਰ ਸਿੰਘ ਚਹਿਲ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਪੁਲਸ ਦੀ ਗਸ਼ਤ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲੀ ਕਿ ਪਿੰਡ ਦਾਤੇਵਾਸ ਦੇ ਬੱਸ ਸਟੈਂਡ ਨਜ਼ਦੀਕ ਅਮਨਦੀਪ ਸਿੰਘ ਉਰਫ਼ ਲੇਡਾ, ਜਗਜੀਤ ਸਿੰਘ ਉਰਫ ਜੋਨੀ ਪਿੰਡ ਦਾਤੇਵਾਸ ਜੋ ਬੁਢਲਾਡਾ ਬਰੇਟਾ ਨੈਸ਼ਨਲ ਹਾਈਵੇਅ ’ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਲੁੱਟ-ਖੋਹ ਦੀ ਨੀਅਤ ਨਾਲ ਘੇਰ ਕੇ, ਗੱਡੀਆਂ ਦੇ ਸ਼ੀਸ਼ੇ ਭੰਨ ਕੇ ਰਾਹਗੀਰਾਂ ਤੋਂ ਜ਼ਬਰੀ ਵਸੂਲੀ ਕਰ ਰਹੇ ਸਨ।

ਜੋ ਨਸ਼ੇ ਦੀ ਹਾਲਤ ਵਿਚ ਹੁੱਲੜਬਾਜ਼ੀ ਕਰਦਿਆਂ ਆਮ ਲੋਕਾਂ ਦੀ ਸ਼ਾਂਤੀ ਭੰਗ ਕਰ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਪੁਲਸ ਨੇ ਹਰਕਤ ਵਿਚ ਆਉਂਦਿਆਂ ਐੱਸ. ਐੱਚ. ਓ. ਸਦਰ ਹਰਬੰਸ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੇ ਦਿੱਤੀ ਸੂਚਨਾ ਦੇ ਆਧਾਰ ’ਤੇ ਦੋਵਾਂ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕਰਦਿਆਂ ਮਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਖ਼ਿਲਾਫ਼ ਪਹਿਲਾ ਵੀ ਚੋਰੀ ਅਤੇ ਲੜਾਈ-ਝਗੜੇ ਦੇ ਮੁਕੱਦਮੇ ਦਰਜ ਹਨ। ਪੁਲਸ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਦੇ ਗੈਂਗ ਨਾਲ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ।
 


author

Babita

Content Editor

Related News