ਚਿੰਤਾਵਾਂ ਦੀ ਘੁੰਮਣਘੇਰੀ ਅਤੇ ਮੁਸੀਬਤਾਂ ਦੇ ਪੁੜਾਂ ''ਚ ਫਸੀ ਜਾਨ

07/22/2019 7:15:31 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਕੁਦਰਤੀ ਅਤੇ ਗੈਰ-ਕੁਦਰਤੀ,  ਦੋਵੇਂ ਤਰ੍ਹਾਂ ਦੀਆਂ ਆਫਤਾਂ ਇਨਸਾਨੀ ਜੀਵਨ ਦੀ ਗੱਡੀ ਨੂੰ ਪਟੜੀ ਤੋਂ ਥਿੜਕਾ ਦਿੰਦੀਆਂ ਹਨ। ਭਿਆਨਕ ਹੜ੍ਹ, ਦਰਿਆਵਾਂ ਦੀ ਮਾਰ, ਭੂਚਾਲ ਦਾ ਕਹਿਰ, ਅਗਨੀਕਾਂਡ, ਸੋਕਾ ਆਦਿ ਅਜਿਹੀਆਂ ਕੁਦਰਤੀ ਮੁਸੀਬਤਾਂ ਹਨ, ਜਿਨ੍ਹਾਂ ਨੇ ਮਨੁੱਖੀ ਇਤਿਹਾਸ ਵਿਚ ਬੜੇ ਭਿਆਨਕ ਅਤੇ ਵੱਡੇ ਜਾਨੀ-ਮਾਲੀ ਨੁਕਸਾਨ ਵਾਲੇ ਕਾਂਡ ਦਰਜ ਕਰਵਾਏ ਹਨ। ਇਸ ਤਰ੍ਹਾਂ ਦੇ ਅਸਹਿ ਧੱਕਿਆਂ ਤੋਂ ਮਨੁੱਖ ਸਾਲਾਂ ਅਤੇ ਦਹਾਕਿਆਂ ਤੱਕ ਨਹੀਂ ਸੰਭਲ ਸਕਦਾ। ਜੀਵਨ ਨੂੰ ਇਕ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ ਹੈ।

ਗੈਰ-ਕੁਦਰਤੀ ਸੰਕਟਾਂ ਦੀ ਮਾਰ ਕਈ ਵਾਰ ਹੋਰ ਵੀ ਭਿਆਨਕ ਹੋ ਜਾਂਦੀ ਹੈ, ਜਿਸ ਨੂੰ ਲੋਕ ਪੀੜ੍ਹੀਆਂ ਤੱਕ ਸਹਿਣ ਕਰਨ ਲਈ ਮਜਬੂਰ ਹੋ ਜਾਂਦੇ ਹਨ। ਜਦੋਂ ਵੀ ਕਿਤੇ ਜੰਗ ਲੱਗੀ ਤਾਂ ਉਸ ਨੇ ਮਨੁੱਖਤਾ ਦਾ ਵੱਡਾ ਘਾਣ ਕੀਤਾ। ਅਗਲੇ ਕਦਮ ਵਜੋਂ ਮਨੁੱਖਤਾ ਦੇ ਦੁਸ਼ਮਣਾਂ ਨੇ ਅਸਿੱਧੀ ਜੰਗ (ਅੱਤਵਾਦ) ਦਾ ਖਤਰਨਾਕ ਰਾਹ ਅਖਤਿਆਰ ਕਰ ਲਿਆ ਪਰ ਨਤੀਜਾ ਇਥੇ ਵੀ ਮਨੁੱਖਾਂ ਦੀਆਂ ਲਾਸ਼ਾਂ ਵਿਛਾਉਣ ਦੇ ਰੂਪ 'ਚ ਸਾਹਮਣੇ ਆਇਆ। ਹਥਿਆਰਾਂ, ਨਸ਼ਿਆਂ, ਮਾਰ-ਧਾੜ, ਡਕੈਤੀਆਂ ਅਤੇ ਜਾਅਲੀ ਕਰੰਸੀ ਵਰਗੇ ਅਣਮਨੁੱਖੀ ਖਤਰਿਆਂ ਨੇ ਵੀ ਅਮਨ-ਚੈਨ ਨਾਲ ਵੱਸਦੇ ਲੋਕਾਂ ਦੇ ਸਾਹ ਸੁਕਾਉਣ 'ਚ ਕੋਈ ਕਸਰ ਨਹੀਂ ਛੱਡੀ।

ਅਜਿਹੇ ਹੀ ਕੁਦਰਤੀ ਅਤੇ ਗੈਰ-ਕੁਦਰਤੀ ਖਤਰਿਆਂ ਦਾ ਸਾਹਮਣਾ ਕਰਨ ਲਈ ਮਜਬੂਰ ਅਣਗਿਣਤ ਲੋਕਾਂ ਵਿਚ ਗੁਰਦਾਸਪੁਰ ਜ਼ਿਲੇ ਦੇ ਪੌਣੀ ਦਰਜਨ ਪਿੰਡਾਂ ਦੇ ਬਦਕਿਸਮਤ ਪਰਿਵਾਰ ਵੀ ਸ਼ਾਮਲ ਹਨ ਜਿਹੜੇ ਇਕ ਪਾਸਿਓਂ ਪਾਕਿਸਤਾਨ ਦੀ ਸਰਹੱਦ 'ਚ ਘਿਰੇ ਹੋਏ ਹਨ ਅਤੇ ਦੂਜੇ ਪਾਸੇ ਦੋ ਦਰਿਆਵਾਂ (ਰਾਵੀ ਅਤੇ ਉੱਝ) ਦੀ ਵਲਗਣ ਹੈ। ਇਸ ਖੇਤਰ 'ਚ ਵੱਸਣ ਵਾਲਿਆਂ ਦੀ ਜਾਨ ਹਰ ਵੇਲੇ ਸੂਲੀ 'ਤੇ ਟੰਗੀ ਰਹਿੰਦੀ ਹੈ। ਇਨ੍ਹਾਂ ਪਰਿਵਾਰਾਂ ਦਾ ਦੁੱਖ-ਦਰਦ ਜਾਣਨ ਅਤੇ ਵੰਡਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਰਾਹਤ ਮੁਹਿੰਮ ਅਧੀਨ 518ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ ਸੀ। ਇਸ ਸਮੱਗਰੀ ਦਾ ਯੋਗਦਾਨ ਸ਼ਿਆਮ ਸਮਾਜ ਸੇਵਾ ਆਸ਼ਰਮ ਸਮਾਣਾ ਵਲੋਂ ਪ੍ਰਧਾਨ ਮਦਨ ਲਾਲ ਪ੍ਰਦੇਸੀ ਦੇ ਯਤਨਾਂ ਸਦਕਾ ਦਿੱਤਾ ਗਿਆ ਸੀ।

ਪਿੰਡ ਲਸਿਆਣ ਵਿਚ ਹੋਏ ਰਾਹਤ ਵੰਡ ਆਯੋਜਨ ਦੌਰਾਨ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਕੰਬਲ ਮੁਹੱਈਆ ਕਰਵਾਏ ਗਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਦਰਦਵੰਦਾਂ ਦੇ ਦਰਦ ਨੂੰ ਉਹੀ ਇਨਸਾਨ ਬਿਹਤਰ ਢੰਗ ਨਾਲ ਸਮਝ ਅਤੇ ਮਹਿਸੂਸ ਕਰ ਸਕਦਾ ਹੈ,  ਜਿਸ ਨੇ ਖੁਦ ਵੀ ਪੀੜ ਹੰਢਾਈ ਹੋਵੇ। ਪੰਜਾਬ ਕੇਸਰੀ ਪਰਿਵਾਰ ਨੇ ਜਿਸ ਤਰ੍ਹਾਂ ਅੱਤਵਾਦ ਦਾ ਸੇਕ ਸਹਿਣ ਕੀਤਾ ਅਤੇ ਉਸ ਦਾ ਮੁਕਾਬਲਾ ਕੀਤਾ, ਉਸੇ ਕਾਰਨ ਹੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅੱਤਵਾਦ ਪੀੜਤਾਂ ਦੇ ਦਰਦ ਨੂੰ ਬਹੁਤ ਡੂੰਘਾਈ ਤੋਂ ਸਮਝ ਸਕੇ ਹਨ। ਸਰਹੱਦੀ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਸਹਿਣ ਕਰਨੀਆਂ ਪੈ ਰਹੀਆਂ ਹਨ ਅਤੇ ਕੁਦਰਤੀ ਆਫਤਾਂ ਨੇ ਜਨ-ਜੀਵਨ 'ਤੇ ਕਿੰਨਾ ਡੂੰਘਾ ਮਾਰੂ-ਅਸਰ ਪਾਇਆ ਹੈ, ਇਸ ਸਭ ਨੂੰ ਸਮਝਣ ਕਾਰਨ ਹੀ ਪਿਛਲੇ 20 ਸਾਲਾਂ ਤੋਂ ਇਹ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਜਿਸ ਇਨਸਾਨ ਨੇ ਕਦੇ ਭੁੱਖ ਨਾਲ ਵਿਲਕਦੇ ਲੋਕਾਂ ਨੂੰ ਨਹੀਂ ਵੇਖਿਆ ਅਤੇ ਉਨ੍ਹਾਂ ਦਾ ਸੰਕਟ ਨਹੀਂ ਪਛਾਣਿਆ, ਉਸਨੂੰ ਭੁੱਖ ਦਾ ਅਹਿਸਾਸ ਨਹੀਂ ਹੋ ਸਕਦਾ। ਬਹੁਤ ਨੇੜਿਓਂ ਇਹ ਅਹਿਸਾਸ ਹੋਣ ਕਾਰਨ ਹੀ ਸਰਹੱਦੀ ਖੇਤਰਾਂ ਨਾਲ ਸਬੰਧਤ ਅਤੇ ਅੱਤਵਾਦ ਪੀੜਤ ਪਰਿਵਾਰਾਂ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਭਿਜਵਾਈ ਗਈ ਹੈ। ਉਨ•ਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਇਸ ਸੇਵਾ ਦੇ ਕੁੰਭ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਹੋਰ ਜ਼ਿਆਦਾ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ।

ਸਰਹੱਦੀ ਲੋਕ ਵੀ ਦੇਸ਼ ਦੇ ਰਾਖੇ ਹਨ-ਰਾਕੇਸ਼ ਜੈਨ
ਭਗਵਾਨ ਮਹਾਂਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਸਰਹੱਦਾਂ ਕੰਢੇ ਸਥਿਤ ਪਿੰਡਾਂ 'ਚ ਰਹਿਣ ਵਾਲੇ ਲੋਕ ਵੀ ਦੇਸ਼ ਦੇ ਰਖਵਾਲੇ ਹੀ ਹਨ, ਜਿਹੜੇ ਹਰ ਵੇਲੇ ਨਾ ਸਿਰਫ ਦੁਸ਼ਮਣ ਦੀਆਂ ਗੋਲੀਆਂ ਅੱਗੇ ਡਟੇ ਰਹਿੰਦੇ ਹਨ ਸਗੋਂ ਉਹ ਨਿਗਰਾਨੀ ਵੀ ਰੱਖਦੇ ਹਨ। ਪਾਕਿਸਤਾਨ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਹਰਕਤ ਦੀ ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਹੀ ਜਾਣਕਾਰੀ ਮਿਲਦੀ ਹੈ। ਸ਼੍ਰੀ ਜੈਨ ਨੇ ਕਿਹਾ ਕਿ ਹਰ ਵੇਲੇ ਖਤਰਿਆਂ 'ਚ ਘਿਰੇ ਰਹਿਣ ਵਾਲੇ ਅਜਿਹੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਪਹੁੰਚਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਇਨ੍ਹਾਂ ਲੋਕਾਂ ਦੇ ਮਸਲਿਆਂ ਵੱਲ ਤਰਜੀਹ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ ਹੈ।
ਇੰਜੀ. ਰਾਜੇਸ਼ ਭਗਤ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਇਕ-ਦੂਜੇ ਦੇ ਕੰਮ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਕੀਕਤ ਵਿਚ ਸਾਰੇ ਇਨਸਾਨ ਬਰਾਬਰ ਅਤੇ ਇਕ ਹੀ ਹਨ ਪਰ ਸਮਾਜ ਵਿਚ ਜਾਤਾਂ-ਪਾਤਾਂ ਦੇ ਨਾਂ 'ਤੇ ਲੋਕਾਂ ਨੇ ਵੰਡੀਆਂ ਪਾ ਲਈਆਂ ਹਨ। ਸਾਨੂੰ ਇਨ੍ਹਾਂ ਸੌੜੀਆਂ ਸੋਚਾਂ ਅਤੇ ਵਲਗਣਾਂ ਤੋਂ ਉੱਪਰ ਉੱਠ ਕੇ ਲੋੜਵੰਦਾਂ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

PunjabKesari

ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ–ਰਾਜ ਸਿੰਘ
ਸੀ.ਆਰ.ਪੀ.ਐੱਫ. ਦੇ ਰਿਟਾਇਰਡ ਅਧਿਕਾਰੀ ਅਤੇ ਪਿੰਡ ਝਬਕਰਾ ਦੇ ਸਮਾਜ ਸੇਵੀ ਆਗੂ ਰਾਜ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਲਸਿਆਣ ਅਤੇ ਇਸ ਨਾਲ ਲੱਗਦੇ ਖੇਤਰ ਦੇ ਹੋਰ ਪਿੰਡਾਂ ਦੀ ਬਦਕਿਸਮਤੀ ਹੀ ਰਹੀ ਹੈ ਕਿ ਰਾਵੀ ਅਤੇ ਉੱਝ ਦਰਿਆ ਪਾਰ ਕਰਨ ਲਈ ਅੱਜ ਤੱਕ ਪੁਲ ਦੀ ਸਹੂਲਤ ਵੀ ਨਹੀਂ ਮਿਲੀ। ਬਰਸਾਤਾਂ ਦੇ ਦਿਨਾਂ 'ਚ 4-5 ਮਹੀਨਿਆਂ ਲਈ ਇਹ ਲੋਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ।
ਰਾਜ ਸਿੰਘ ਨੇ ਕਿਹਾ ਕਿ ਇਸ ਸਬੰਧ 'ਚ ਹੁਣ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ, ਜਿਸ ਤੋਂ ਲੋਕਾਂ ਨੂੰ ਕੁਝ ਆਸ ਬੱਝੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਉਨ੍ਹਾਂ ਨੂੰ ਪੁਲ ਦੀ ਸਹੂਲਤ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪਣੇ ਅਖਬਾਰਾਂ ਵਿਚ ਉਠਾਉਣ ਦੇ ਨਾਲ-ਨਾਲ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪ੍ਰਭਾਵਿਤ ਪਰਿਵਾਰਾਂ ਲਈ ਸਮੱਗਰੀ ਵੀ ਭਿਜਵਾ ਰਹੇ ਹਨ।

ਇਸ ਮੌਕੇ ਲਾਲ ਕੇਸਰੀ ਸੰਸਥਾ ਜਲੰਧਰ ਦੇ ਸੁਨੀਲ ਕਪੂਰ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਰਾਹਤ ਮੁਹਿੰਮ ਅਧੀਨ ਉਨ੍ਹਾਂ ਤੱਕ ਵੱਧ ਤੋਂ ਵੱਧ ਸਹਾਇਤਾ ਭਿਜਵਾਈ ਜਾਵੇਗੀ। ਪਿੰਡ ਭਰਿਆਲ ਦੇ ਸਰਪੰਚ ਸ. ਰੂਪ ਸਿੰਘ ਨੇ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਮੁਸੀਬਤ ਮਾਰੇ ਲੋਕਾਂ ਨੂੰ ਵੱਡਾ ਹੌਸਲਾ ਮਿਲੇਗਾ। ਇਸ ਮੌਕੇ 'ਤੇ ਸ਼੍ਰੀ ਜੋਗਿੰਦਰ ਕ੍ਰਿਸ਼ਨ ਸ਼ਰਮਾ, ਨਰਿੰਦਰ ਸ਼ਰਮਾ, ਜੈ ਦੇਵ ਮਲਹੋਤਰਾ, ਜੀਵਨ ਪਾਲ ਓਬਰਾਏ, ਅਸ਼ੋਕ ਸੋਬਤੀ, ਪਰਮਿੰਦਰ ਪੰਮੀ, ਸੰਤੋਸ਼ ਵਰਮਾ, ਸਾਰਿਕਾ ਭਾਰਦਵਾਜ, ਅੰਜੂ ਲੂੰਬਾ, ਸੁਦੇਸ਼ ਕੁਮਾਰੀ, ਲੁਧਿਆਣਾ ਤੋਂ ਲੀਗਾ ਪਰਿਵਾਰ ਸੋਸਾਇਟੀ ਦੇ ਪ੍ਰਧਾਨ ਵਿਪਨ ਜੈਨ, ਰਾਜੇਸ਼ ਜੈਨ, ਜੈ ਚੱਢਾ, ਰਾਜੂ, ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਕੁਮਾਰ, ਪੁਲਸ ਅਧਿਕਾਰੀ ਨਛੱਤਰ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।


shivani attri

Content Editor

Related News