ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ
Wednesday, Oct 14, 2020 - 07:13 PM (IST)
ਜਲੰਧਰ (ਅਸ਼ਵਨੀ ਖੁਰਾਣਾ)— ਕੋਰੋਨਾ ਮਹਾਮਾਰੀ ਕਾਰਨ 6 ਮਹੀਨਿਆਂ ਤੋਂ ਜ਼ਿਆਦਾ ਲੰਮੇ ਸਮੇਂ ਤੱਕ ਚੱਲੀ ਤਾਲਾਬੰਦੀ ਕਾਰਨ ਜਿੱਥੇ ਲੱਖਾਂ-ਕਰੋੜਾਂ ਲੋਕ ਪ੍ਰਭਾਵਿਤ ਹੋਏ, ਉਥੇ ਹੀ ਅਣਗਿਣਤ ਲੋਕਾਂ ਦੀ ਜੀਵਨ ਸ਼ੈਲੀ 'ਚ ਵੀ ਤਬਦੀਲੀ ਆਈ। ਇਸ ਤਬਦੀਲੀ ਕਾਰਨ ਲੋਕਾਂ 'ਚ ਇੰਡੋਰ ਖੇਡਾਂ ਅਤੇ ਸਾਈਕਲਿੰਗ ਆਦਿ ਪ੍ਰਤੀ ਰੁਚੀ ਵੀ ਕਾਫ਼ੀ ਵਧੀ।
ਕੁਝ ਸਮਾਂ ਪਹਿਲਾਂ ਤੱਕ ਸ਼ਹਿਰ 'ਚ ਸਾਈਕਲਿੰਗ ਦੇ ਦੀਵਾਨਿਆਂ ਦੀ ਗਿਣਤੀ ਸੈਂਕੜਿਆਂ ਤੱਕ ਹੀ ਸੀਮਤ ਸੀ ਪਰ ਅੱਜ ਇਹ ਹਜ਼ਾਰਾਂ 'ਚ ਪਹੁੰਚ ਚੁੱਕੀ ਹੈ। ਲੋਕਾਂ 'ਚ ਸਾਈਕਲਿੰਗ ਪ੍ਰਤੀ ਵਧ ਰਹੇ ਰੁਝਾਨ ਨੂੰ ਵੇਖਦਿਆਂ ਜਲੰਧਰ ਸਮਾਰਟ ਸਿਟੀ ਕੰਪਨੀ ਵੱਲੋਂ 'ਜਲੰਧਰ ਸਮਾਰਟ ਸਾਈਕਲ ਟਰੈਕ ਪ੍ਰਾਜੈਕਟ' ਤਿਆਰ ਕੀਤਾ ਗਿਆ ਸੀ, ਜੋ ਹੁਣ ਲਗਭਗ ਫਾਈਨਲ ਸਟੇਜ 'ਚ ਪਹੁੰਚਣ ਜਾ ਰਿਹਾ ਹੈ।
ਇਸ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਫੰਡ ਵੀ ਪਾਸ ਹੋ ਚੁੱਕੇ ਹਨ। ਪ੍ਰਾਜੈਕਟ ਨੂੰ ਰਫ਼ਤਾਰ ਪ੍ਰਦਾਨ ਕਰਨ ਲਈ ਜਲੰਧਰ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਅਤੇ ਆਈ. ਏ. ਐੱਸ. ਅਧਿਕਾਰੀ ਕਰਣੇਸ਼ ਸ਼ਰਮਾ ਨੇ ਮੰਗਲਵਾਰ ਜਲੰਧਰ ਟਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਪ੍ਰਾਜੈਕਟ ਦੇ ਕਈ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕੀਤਾ।
ਇਹ ਵੀ ਪੜ੍ਹੋ: ਕੁੜੀ ਦੇ ਚੱਕਰ 'ਚ ਭੋਗਪੁਰ ਵਿਖੇ ਨੌਜਵਾਨ 'ਤੇ ਚੱਲੀਆਂ ਸਨ ਗੋਲੀਆਂ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ
ਜੁਆਇੰਟ ਟੀਮਾਂ ਕਰਨਗੀਆਂ ਸੜਕਾਂ ਦੀ ਇੰਸਪੈਕਸ਼ਨ
'ਜਲੰਧਰ ਸਮਾਰਟ ਸਿਟੀ ਸਾਈਕਲ ਪ੍ਰਾਜੈਕਟ' ਤਹਿਤ ਸ਼ਹਿਰ ਦੀਆਂ 26 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਸਾਈਕਲ ਟਰੈਕ ਬਣਾਉਣ ਲਈ ਚੁਣਿਆ ਗਿਆ ਹੈ। ਇਨ੍ਹਾਂ ਸੜਕਾਂ ਦੀ ਪਛਾਣ ਕਰ ਲਈ ਗਈ ਹੈ ਪਰ ਇਨ੍ਹਾਂ ਸੜਕਾਂ 'ਤੇ ਜੁਆਇੰਟ ਟੀਮਾਂ ਦੀ ਇੰਸਪੈਕਸ਼ਨ ਕੁਝ ਦਿਨਾਂ ਬਾਅਦ ਹੋਵੇਗੀ, ਜਿਸ ਤਹਿਤ ਪ੍ਰਾਜੈਕਟ 'ਚ ਆਉਣ ਵਾਲੇ ਅੜਿੱਕਿਆਂ ਅਤੇ ਹੋਰ ਹਾਲਾਤ ਬਾਰੇ ਮੌਕੇ 'ਤੇ ਚਰਚਾ ਹੋ ਸਕੇਗੀ।
ਇਨ੍ਹਾਂ ਜੁਆਇੰਟ ਟੀਮਾਂ 'ਚ ਜਿੱਥੇ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਅਤੇ ਹੋਰ ਅਧਿਕਾਰੀ ਅਤੇ ਟਰੈਫਿਕ ਪੁਲਸ ਦੇ ਅਧਿਕਾਰੀ ਹੋਣਗੇ, ਉਥੇ ਹੀ ਟੈਕਨੀਕਲ ਟੀਮ ਨੂੰ ਵੀ ਨਾਲ ਲਿਆ ਜਾਵੇਗਾ। ਇਹ ਸਾਰੀਆਂ ਟੀਮਾਂ ਸਾਈਕਲਾਂ 'ਤੇ ਚੱਲਣਗੀਆਂ ਅਤੇ ਪ੍ਰਸਤਾਵਿਤ ਸਾਈਕਲ ਟਰੈਕ ਦਾ ਨਿਰੀਖਣ ਕੀਤਾ ਜਾਵੇਗਾ।
ਇਨ੍ਹਾਂ ਸੜਕਾਂ 'ਤੇ ਪ੍ਰਸਤਾਵਿਤ ਹੈ ਸਾਈਕਲ ਟਰੈਕ
ਰੇਲਵੇ ਸਟੇਸ਼ਨ ਤੋਂ ਰੇਲਵੇ ਰੋਡ ਹੁੰਦੇ ਹੋਏ ਭਗਤ ਸਿੰਘ ਚੌਕ
ਭਗਤ ਸਿੰਘ ਚੌਕ ਤੋਂ ਮਦਨ ਫਲੋਰ ਮਿੱਲ ਹੁੰਦੇ ਹੋਏ ਬੀ. ਐੱਸ. ਐੱਫ. ਚੌਕ
ਬੀ. ਐੱਸ. ਐੱਫ. ਚੌਕ ਤੋਂ ਡਿਫੈਂਸ ਕਾਲੋਨੀ ਹੁੰਦੇ ਹੋਏ ਪਿਮਸ ਹਸਪਤਾਲ
ਬੀ. ਐੱਮ. ਸੀ. ਚੌਕ ਤੋਂ ਕੂਲ ਰੋਡ ਹੁੰਦੇ ਹੋਏ 66 ਫੁੱਟੀ ਰੋਡ
ਬੀ. ਐੱਮ. ਸੀ. ਚੌਕ ਤੋਂ ਬੱਸ ਸਟੈਂਡ ਰੋਡ ਹੁੰਦੇ ਹੋਏ ਮਾਡਲ ਟਾਊਨ
ਮਾਡਲ ਟਾਊਨ ਤੋਂ ਸਕਾਈਲਾਰਕ ਚੌਕ ਹੁੰਦੇ ਹੋਏ ਭਗਵਾਨ ਵਾਲਮੀਕਿ ਚੌਕ
ਰੇਲਵੇ ਸਟੇਸ਼ਨ ਦੇ ਪਿੱਛੇ ਕਾਜ਼ੀ ਮੰਡੀ, 120 ਫੁੱਟੀ ਰੋਡ ਹੁੰਦੇ ਹੋਏ ਸੂਰਿਆ ਐਨਕਲੇਵ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ
ਸਮਾਰਟ ਸਿਟੀ ਦੇ ਸੀ. ਈ. ਓ. ਖੁਦ ਸਾਈਕਲਿੰਗ ਦੇ ਸ਼ੌਕੀਨ
ਸ਼ਹਿਰ 'ਚ ਸਮਾਰਟ ਸਿਟੀ ਪ੍ਰਾਜੈਕਟ ਨੂੰ ਸ਼ੁਰੂ ਹੋਇਆਂ ਲਗਭਗ 4 ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਕਿਸੇ ਵੀ ਸੀ. ਈ. ਓ. ਨੇ ਸਾਈਕਲਿੰਗ ਟਰੈਕ ਪ੍ਰਾਜੈਕਟ ਵੱਲ ਧਿਆਨ ਨਹੀਂ ਦਿੱਤਾ ਹੈ। 'ਜਗ ਬਾਣੀ'ਅ ਨੇ ਇਸ ਸਬੰਧੀ ਜ਼ੋਰਦਾਰ ਢੰਗ ਨਾਲ ਮੁਹਿੰਮ ਚਲਾਈ ਅਤੇ ਸਾਈਕਲਿੰਗ ਦੇ ਸ਼ੌਕੀਨਾਂ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ, ਜਿਸ ਤੋਂ ਬਾਅਦ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਸਾਈਕਲ ਟਰੈਕ ਪ੍ਰਾਜੈਕਟ ਤਿਆਰ ਕੀਤਾ।
ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਕਰਣੇਸ਼ ਸ਼ਰਮਾ ਖੁਦ ਵੀ ਸਾਈਕਲਿੰਗ ਦੇ ਸ਼ੌਕੀਨ ਹਨ। ਉਨ੍ਹਾਂ ਸ਼ਹਿਰ ਦੀਆਂ 26 ਕਿਲੋਮੀਟਰ ਲੰਬੀਆਂ ਸੜਕਾਂ ਦੀ ਪਛਾਣ ਖੁਦ ਸਾਈਕਲ ਚਲਾਉਂਦਿਆਂ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੀਆਂ ਸੜਕਾਂ 'ਤੇ ਟਰੈਕ ਬਣਾਉਣ ਦੀ ਯੋਜਨਾ ਹੈ, ਇਹ ਖੁੱਲ੍ਹੀਆਂ ਸਨ, ਜਿਥੇ ਟਰੈਕ ਬਣਨ ਦੀ ਸੰਭਾਵਨਾ ਹੈ। ਫਿਰ ਵੀ ਆਖਰੀ ਫੈਸਲਾ ਟੈਕਨੀਕਲ ਇੰਸਪੈਕਸ਼ਨ ਉਪਰੰਤ ਹੀ ਲਿਆ ਜਾਵੇਗਾ।
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ
ਹਾਈਵੇਅ 'ਤੇ ਸਾਈਕਲਿੰਗ ਕਰਨਾ ਕਾਫ਼ੀ ਖਤਰਨਾਕ : ਰਾਜੇਸ਼ ਬਾਹਰੀ
ਤਾਲਾਬੰਦੀ ਦੌਰਾਨ ਸਾਈਕਲਿੰਗ ਦੇ ਨਵੇਂ-ਨਵੇਂ ਸ਼ੌਕੀਨ ਬਣੇ ਮੋਬਾਇਲ ਫੋਨ ਕਾਰੋਬਾਰੀ ਰਾਜੇਸ਼ ਬਾਹਰੀ ਦਾ ਮੰਨਣਾ ਹੈ ਕਿ ਇਸ ਸਮੇਂ ਸ਼ਹਿਰ ਦੀਆਂ ਸੜਕਾਂ ਸਾਈਕਲ ਚਲਾਉਣ ਦੇ ਅਨੁਕੂਲ ਨਹੀਂ। ਇਸ ਲਈ ਸਾਈਕਲਿੰਗ ਦੇ ਦੀਵਾਨਿਆਂ ਨੂੰ ਹਾਈਵੇਅ ਤੋਂ ਹੁੰਦਿਆਂ ਹਵੇਲੀ ਤੱਕ ਜਾਂ ਕਿਸੇ ਹੋਰ ਸਪਾਟ 'ਤੇ ਜਾਣਾ ਪੈਂਦਾ ਹੈ। ਹਾਈਵੇਅ 'ਤੇ ਸਾਈਕਲ ਚਲਾਉਣਾ ਕਾਫੀ ਖਤਰਨਾਕ ਹੈ ਅਤੇ ਪਿਛਲੇ ਦਿਨੀਂ ਕੁਝ ਜਾਨਲੇਵਾ ਹਾਦਸੇ ਵੀ ਵਾਪਰ ਚੁੱਕੇ ਹਨ।
ਉਨ੍ਹਾਂ ਸਮਾਰਟ ਸਿਟੀ ਵੱਲੋਂ ਜਲੰਧਰ ਵਿਚ ਸਾਈਕਲਿੰਗ ਟਰੈਕ ਬਣਾਉਣ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਜਲਦ ਸਿਰੇ ਚੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਆਪਣੀ ਸਿਹਤ ਅਤੇ ਸ਼ੌਕ ਪ੍ਰਤੀ ਹੋਰ ਗੰਭੀਰ ਹੋਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਵੀ ਮਿਲੇ।
ਇਨ੍ਹਾਂ ਸੜਕਾਂ 'ਤੇ ਵੀ ਬਣਨੇ ਹਨ ਸਾਈਕਲ ਟਰੈਕ
ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ 'ਚ 4 ਸਮਾਰਟ ਰੋਡ ਬਣਾਉਣ ਦਾ ਪ੍ਰਾਜੈਕਟ ਤਿਆਰ ਹੈ, ਜਿਸ 'ਤੇ ਲਗਭਗ 36 ਕਰੋੜ ਰੁਪਏ ਲਾਗਤ ਆਵੇਗੀ। ਇਸ ਪ੍ਰਾਜੈਕਟ ਤਹਿਤ ਡੀ. ਏ. ਵੀ. ਫਲਾਈਓਵਰ ਤੋਂ ਲੈ ਕੇ ਐੱਚ. ਐੱਮ. ਵੀ. ਚੌਕ, ਐੱਚ.ਐੱਮ. ਵੀ. ਚੌਕ ਤੋਂ ਲੈ ਕੇ ਕਪੂਰਥਲਾ ਚੌਕ, ਕਪੂਰਥਲਾ ਚੌਕ ਤੋਂ ਲੈ ਕੇ ਨਹਿਰ ਦੀ ਪੁਲੀ ਅਤੇ ਨਹਿਰ ਦੀ ਪੁਲੀ ਤੋਂ ਲੈ ਕੇ ਬਾਬੂ ਜਗਜੀਵਨ ਰਾਮ ਚੌਕ ਤੱਕ ਸੜਕਾਂ 'ਤੇ ਵੀ ਸਾਈਕਲ ਟਰੈਕ ਬਣਾਉਣ ਦਾ ਪ੍ਰਸਤਾਵ ਹੈ।