ਠੇਕੇਦਾਰਾਂ ਦੀ ਧੱਕੇਸ਼ਾਹੀ, ਸੜਕ ''ਤੇ ਖੜ੍ਹੇ ਵਾਹਨਾਂ ਦੀਆਂ ਕੱਟੀਆਂ ਪਾਰਕਿੰਗ ਪਰਚੀਆਂ (ਵੀਡੀਓ)

Sunday, Jun 10, 2018 - 06:33 PM (IST)

ਜਲੰਧਰ— ਜਲੰਧਰ ਰੇਲਵੇ ਸਟੇਸ਼ਨ ਦੀ ਕਾਰ ਪਾਰਕਿੰਗ ਦੇ ਬਾਹਰ ਕਰਿੰਦਿਆਂ ਵੱਲੋਂ ਮਨਮਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਇਕ ਕਰਿੰਦਾ ਜਲੰਧਰ ਰੇਲਵੇ ਕਾਰ ਪਾਰਕਿੰਗ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਪਰਚੀ ਕੱਟ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਨੇ ਸੜਕ ਨੂੰ ਹੀ ਆਪਣੀ ਪ੍ਰਾਪਰਟੀ ਬਣਾ ਲਿਆ ਅਤੇ ਸੜਕ 'ਤੇ ਖੜ੍ਹੀਆਂ ਗੱਡੀਆਂ ਦੀ ਹੀ ਧੱਕੇ ਨਾਲ ਪਰਚੀ ਕੱਟੀ ਜਾ ਰਹੀ ਹੈ। ਕਰਿੰਦੇ ਨੇ ਗੱਡੀਆਂ ਦੀ ਪਰਚੀ ਤਾਂ ਕੱਟ ਲਈ ਪਰ ਪਾਰਕਿੰਗ ਦੇ ਅੰਦਰ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ ਹੀ ਨਹੀਂ ਸੀ। ਜਦੋਂ ਇਸ ਸਬੰਧੀ ਪਰਚੀ ਕੱਟਣ ਵਾਲੇ ਕਰਿੰਦੇ ਨਾਲ ਗੱਲ ਕੀਤੀ ਗਈ ਤਾਂ ਉਹ ਬਹਾਨੇ ਬਣਾਉਣ ਲੱਗ ਗਿਆ। 

PunjabKesari
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਪੁਲਸ ਮੁਲਾਜ਼ਮਾਂ ਦੇ ਸਾਹਮਣੇ ਹੋਇਆ ਪਰ ਕਰਿੰਦੇ ਨੂੰ ਰੋਕਣ ਦੀ ਬਜਾਏ ਇਹ ਮੁਲਾਜ਼ਮ ਸਭ ਚੁੱਪਚਾਪ ਦੇਖਦੇ ਰਹੇ। ਕੁਝ ਸਕਿੰਟਾਂ ਦੀ ਇਸ ਵੀਡੀਓ ਨੇ ਜਿੱਥੇ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਦੀ ਮਨਮਾਨੀ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ ਉਥੇ ਹੀ ਪੁਲਸ ਦੀ ਕਾਰਗੁਜ਼ਾਰੀ ਵੀ ਬੇਪਰਦਾ ਕਰ ਦਿੱਤਾ ਹੈ। ਇਸ ਸਭ ਬਾਰੇ ਜਦੋਂ ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਕੱਢਿਆ।
ਦੱਸਣਯੋਗ ਹੈ ਕਿ ਪਾਰਕਿੰਗ ਠੇਕੇਦਾਰਾਂ ਦੀ ਧੱਕੇਸ਼ਾਹੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਅਜੇ ਕੁਝ ਦਿਨ ਪਹਿਲਾਂ ਹੀ ਬਰਨਾਲਾ ਕੋਰਟ ਕੰਪਲੈਕਸ ਦੇ ਸਾਈਕਲ ਸਟੈਂਡ ਪਾਰਕਿੰਗ ਦੇ ਕਰਿੰਦੇ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।


Related News