ਤਪਦੀ ਗਰਮੀ ''ਚ ਸੜਕ ਕਿਨਾਰੇ ਜੂਸ ਪੀਣ ਰੁਕੇ ਮਜ਼ਦੂਰ ਦੀ ਟਰੱਕ ਦੀ ਟੱਕਰ ਨਾਲ ਮੌਤ
Wednesday, May 06, 2026 - 05:37 PM (IST)
ਖੰਨਾ (ਬਿਪਨ): ਖੰਨਾ ਦੇ ਜੀ.ਟੀ. ਰੋਡ ’ਤੇ ਇਕ ਦਰਦਨਾਕ ਹਾਦਸੇ ਵਿਚ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਲਿਬੜਾ ਪਿੰਡ ਨੇੜੇ ਵਾਪਰਿਆ, ਜਿੱਥੇ ਨੈਸ਼ਨਲ ਹਾਈਵੇਅ ਕਿਨਾਰੇ ਗਲਤ ਢੰਗ ਨਾਲ ਲੱਗੀਆਂ ਜੂਸ ਦੀਆਂ ਰੇਹੜੀਆਂ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਜੈ ਨਾਮਕ ਮਜ਼ਦੂਰ, ਜੋ ਇਕ ਕਿਸਾਨ ਕੋਲ ਕੰਮ ਕਰਦਾ ਸੀ, ਤੂੜੀ ਦੀ ਟਰਾਲੀ ਅਨਲੋਡ ਕਰਨ ਤੋਂ ਬਾਅਦ ਜੂਸ ਪੀਣ ਲਈ ਸੜਕ ਕਿਨਾਰੇ ਖੜੀ ਰੇਹੜੀ ਕੋਲ ਰੁਕਿਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ, ਜਦਕਿ ਜੂਸ ਵੇਚਣ ਵਾਲਾ ਵੀ ਮੌਕੇ ਤੋਂ ਗਾਇਬ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਜੀਟੀ ਰੋਡ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਲੱਗਣ ਵਾਲੀਆਂ ਰੇਹੜੀਆਂ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀਆਂ ਹਨ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਫਰਾਰ ਚਾਲਕ ਦੀ ਤਲਾਸ਼ ਜਾਰੀ ਹੈ।
