ਕਮਰਸ਼ੀਅਲ ਗੈਸ ਸਿਲੰਡਰ ਹੋਏ ਮਹਿੰਗੇ, ਕਾਰੋਬਾਰੀਆਂ ‘ਤੇ ਵੱਧਿਆ ਬੋਝ; ਖਾਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਆਸਾਰ
Sunday, May 03, 2026 - 01:16 PM (IST)
ਅੰਮ੍ਰਿਤਸਰ (ਰਮਨ, ਵਿਕਰਮਜੀਤ)- ਕਮਰਸ਼ੀਅਲ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਲਗਾਤਾਰ ਵਧ ਰਹੀ ਕੀਮਤਾਂ ਨੇ ਹੋਟਲ ਅਤੇ ਰੈਸਟੋਰੈਂਟ ਉਦਯੋਗ ਨੂੰ ਇਕ ਵਾਰ ਫਿਰ ਵੱਡੇ ਸੰਕਟ ’ਚ ਧਕ ਦਿੱਤਾ ਹੈ। ਪਹਿਲਾਂ ਹੀ ਗੈਸ ਸਿਲੰਡਰਾਂ ਦੀ ਕਮੀ ਕਾਰਨ ਬਲੈਕ ’ਚ ਮਹਿੰਗੇ ਰੇਟਾਂ ’ਤੇ ਸਿਲੰਡਰ ਖਰੀਦਣ ਲਈ ਮਜਬੂਰ ਕਾਰੋਬਾਰੀਆਂ ਨੂੰ ਹੁਣ ਸਰਕਾਰੀ ਕੀਮਤਾਂ ’ਚ ਹੋਏ ਵਾਧੇ ਨੇ ਦੋਹਰਾ ਝਟਕਾ ਦਿੱਤਾ ਹੈ। ਇਸ ਵੇਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 3178 ਰੁਪਏ ਤੱਕ ਪਹੁੰਚ ਗਈ ਹੈ। ਇਕਦਮ 993 ਰੁਪਏ ਦੇ ਵਾਧੇ ਨਾਲ ਉਦਯੋਗ ’ਚ ਭੜਥੂ ਪਾ ਦਿੱਤਾ ਹੈ। ਵਧਦੀ ਲਾਗਤ ਕਾਰਨ ਹੋਟਲ ਅਤੇ ਰੈਸਟੋਰੈਂਟ ਕਾਰੋਬਾਰੀਆਂ ਦੀ ਆਰਥਿਕ ਹਾਲਤ ਲਗਾਤਾਰ ਕਮਜ਼ੋਰ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
ਹੋਟਲ ਅਤੇ ਰੈਸਟੋਰੈਂਟ ਉਦਯੋਗ ਨੂੰ ਰੋਜ਼ਗਾਰ ਦਾ ਇਕ ਵੱਡਾ ਸਰੋਤ ਮੰਨਿਆ ਜਾਂਦਾ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ ਪਰ ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਨੇ ਇਸ ਖੇਤਰ ’ਤੇ ਭਾਰੀ ਦਬਾਅ ਪਾ ਦਿੱਤਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਕਮਰਸ਼ੀਅਲ ਸਿਲੰਡਰਾਂ ਦੀ ਲਾਗਤ ਕਈ ਗੁਣਾ ਵਧ ਗਈ ਹੈ, ਜਦਕਿ ਗਾਹਕਾਂ ਦੀ ਗਿਣਤੀ ਅਤੇ ਆਮਦਨ ’ਚ ਉਸ ਅਨੁਸਾਰ ਵਾਧਾ ਨਹੀਂ ਹੋ ਰਿਹਾ। ਇਸ ਨਾਲ ਮੁਨਾਫ਼ਾ ਘਟਦਾ ਜਾ ਰਿਹਾ ਹੈ ਅਤੇ ਕਾਰੋਬਾਰ ਚਲਾਉਣਾ ਔਖਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਪਿਛਲੇ ਕੁਝ ਸਮੇਂ ਤੋਂ ਕਈ ਇਲਾਕਿਆਂ ’ਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕਮੀ ਵੀ ਦੇਖਣ ਨੂੰ ਮਿਲੀ ਸੀ। ਇਸ ਘਾਟ ਕਾਰਨ ਕਈ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਬਲੈਕ ’ਚ ਵੱਧ ਰੇਟਾਂ ’ਤੇ ਸਿਲੰਡਰ ਖਰੀਦਣੇ ਪਏ। ਹੁਣ ਜਦੋਂ ਸਰਕਾਰੀ ਪੱਧਰ ’ਤੇ ਹੀ ਕੀਮਤਾਂ ’ਚ ਵਾਧਾ ਹੋ ਗਿਆ ਹੈ, ਤਾਂ ਬਲੈਕ ’ਚ ਸਿਲੰਡਰ ਖਰੀਦਣ ਵਾਲਿਆਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ। ਹੋਟਲ ਕਾਰੋਬਾਰੀ ਅਨਿਲ ਸੂਰੀ ਦਾ ਕਹਿਣਾ ਹੈ ਕਿ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਛੋਟੇ ਅਤੇ ਦਰਮਿਆਨੇ ਦਰਜੇ ਦੇ ਹੋਟਲ ਅਤੇ ਰੈਸਟੋਰੈਂਟ ਬੰਦ ਹੋਣ ਦੇ ਕਿਨਾਰੇ ਪਹੁੰਚ ਸਕਦੇ ਹਨ। ਕਈ ਛੋਟੇ ਕਾਰੋਬਾਰੀ ਪਹਿਲਾਂ ਹੀ ਵਧਦੇ ਬਿਜਲੀ ਬਿੱਲਾਂ, ਕਰਮਚਾਰੀਆਂ ਦੇ ਖ਼ਰਚੇ ਅਤੇ ਹੋਰ ਮਹਿੰਗਾਈ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ: ਸ਼ਹਿਰ ਵਿਚਾਲੇ ਗ੍ਰਨੇਡ ਸੁੱਟਣ ਵਾਲੇ ਦੀ ਹੋਈ ਪਛਾਣ, ਪੁਲਸ ਨੇ ਤਸਵੀਰ ਕੀਤੀ ਜਾਰੀ
ਇਸ ਮਹਿੰਗਾਈ ਦਾ ਅਸਰ ਹੁਣ ਆਮ ਲੋਕਾਂ ਦੀ ਜੇਬ ’ਤੇ ਵੀ ਪੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਵਧਦੀ ਲਾਗਤ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਵਧਾਉਣੇ ਪੈ ਸਕਦੇ ਹਨ। ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਰਾਹਤ ਦਿੱਤੀ ਜਾਵੇ ਅਤੇ ਗੈਸ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਹੋਟਲ ਅਤੇ ਰੈਸਟੋਰੈਂਟ ਉਦਯੋਗ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
