ਜਲੰਧਰ ਦੇ ਮੇਅਰ ਦਾ ਨਾਂ ਲਗਭਗ ਫਾਈਨਲ, ਜਲਦ ਹੋ ਸਕਦੈ ਸਿਆਸਤ ''ਚ ਵੱਡਾ ਧਮਾਕਾ
Sunday, Jan 05, 2025 - 11:05 AM (IST)
ਜਲੰਧਰ (ਅਸ਼ਵਨੀ ਖੁਰਾਣਾ)–21 ਦਸੰਬਰ ਨੂੰ ਹੋਈਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਵਿਚ ਸੱਤਾ ਧਿਰ ਯਾਨੀ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਸੀ। ਇਸ ਨੂੰ ਕੁੱਲ੍ਹ 85 ਵਿਚੋਂ 38 ਸੀਟਾਂ ਹਾਸਲ ਹੋਈਆਂ ਸਨ ਪਰ ਉਸ ਤੋਂ ਬਾਅਦ ਹੋਈ ਸਿਆਸੀ ਚੁੱਕ-ਥੱਲ ਕਾਰਨ 6 ਹੋਰ ਨਵ-ਨਿਯੁਕਤ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਸਮੇਂ ਆਮ ਆਦਮੀ ਪਾਰਟੀ ਕੋਲ ਜਲੰਧਰ ਨਿਗਮ ਵਿਚ ਪੂਰਨ ਬਹੁਮਤ ਹੈ ਅਤੇ ਇਸ ਦੇ ਕੌਂਸਲਰਾਂ ਦੀ ਗਿਣਤੀ 44 ਹੋ ਗਈ ਹੈ। ਫਿਰ ਵੀ ਕਿਸੇ ਵੀ ਤਰ੍ਹਾਂ ਦੇ ਰਿਸਕ ਤੋਂ ਬਚਣ ਲਈ 2-3 ਕੌਂਸਲਰਾਂ ਨੂੰ ਹੋਰ ਜਲਦ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨਾਲ ਗੱਲਬਾਤ ਅੰਤਿਮ ਪੜਾਅ ਵਿਚ ਹੈ। ਇਸ ਵਿਚਕਾਰ ਪਤਾ ਲੱਗਾ ਹੈ ਕਿ ਜਲੰਧਰ ਦੇ ਮੇਅਰ ਸਬੰਧੀ ਐਲਾਨ ਲੋਹੜੀ ਦੇ ਨੇੜੇ-ਤੇੜੇ ਹੋਣ ਵਾਲੀ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਵਿਚ ਹੋ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਹੋਏ ਦੋਹਰੇ ਕਤਲਕਾਂਡ ਦੇ ਮਾਮਲੇ 'ਚ ਵੱਡੀ ਅਪਡੇਟ, ਪੁਲਸ ਨੇ ਕਰ 'ਤੇ ਅਹਿਮ ਖ਼ੁਲਾਸੇ
ਜ਼ਿਕਰਯੋਗ ਹੈ ਕਿ ਨਿਗਮ ਚੋਣਾਂ ਤੋਂ ਬਾਅਦ ਇਕ ਹਫ਼ਤੇ ਤਕ ਨਵ-ਨਿਯੁਕਤ ਕੌਂਸਲਰਾਂ ਦੇ ਪਾਲਾ ਬਦਲਣ ਦਾ ਦੌਰ ਚੱਲਦਾ ਰਿਹਾ ਅਤੇ ਆਮ ਆਦਮੀ ਪਾਰਟੀ ਬਹੁਮਤ ਜੁਟਾਉਣ ਵਿਚ ਲੱਗੀ ਰਹੀ। ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਦੇ ਦੌਰੇ ’ਤੇ ਚਲੇ ਗਏ, ਜਿਸ ਕਾਰਨ ਮੇਅਰ ਦੇ ਨਾਂ ਸਬੰਧੀ ਆਖਰੀ ਫ਼ੈਸਲਾ ਨਹੀਂ ਲਿਆ ਜਾ ਸਕਿਆ। ਆਸਟ੍ਰੇਲੀਆ ਦੇ ਦੌਰੇ ਤੋਂ ਪਰਤਣ ਤੋਂ ਬਾਅਦ ਭਗਵੰਤ ਮਾਨ ਦਿੱਲੀ ਚਲੇ ਗਏ, ਜਿੱਥੇ ਪਤਾ ਲੱਗਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਦਿੱਲੀ ਯੂਨਿਟ ਅਤੇ ਪੰਜਾਬ ਯੂਨਿਟ ਨੇ ਆਪਸ ਵਿਚ ਮੀਟਿੰਗ ਆਦਿ ਕਰਕੇ ਜਲੰਧਰ ਦੇ ਮੇਅਰ ਦਾ ਨਾਂ ਲਗਭਗ ਫਾਈਨਲ ਕਰ ਲਿਆ ਹੈ। ਨਵੇਂ ਮੇਅਰ ਲਈ ਸਾਫ਼ ਅਕਸ ਨੂੰ ਹੀ ਆਧਾਰ ਬਣਾਇਆ ਗਿਆ ਹੈ, ਭਾਵੇਂ ਜਲੰਧਰ ਦੇ ਮੇਅਰ ਅਹੁਦੇ ਲਈ ਕਈ ਹੋਰ ਨਾਂ ਚਰਚਾ ਵਿਚ ਸਨ ਪਰ ਸੂਤਰ ਦੱਸਦੇ ਹਨ ਕਿ ਇਸ ਮਾਮਲੇ ਨੂੰ ਲੈ ਕੇ ਬਣਾਈ ਕਮੇਟੀ ਦੇ ਵਧੇਰੇ ਮੈਂਬਰ ਇਕ ਨਾਂ ’ਤੇ ਹੀ ਇਕਮਤ ਦਿਸੇ। ਭਾਵੇਂ ਉਸ ਨਾਂ ’ਤੇ 1-2 ਆਗੂਆਂ ਦਾ ਵਿਰੋਧ ਵੀ ਆਇਆ ਪਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਅਤੇ ਇਸ ਆਮ ਰਾਏ ਬਾਬਤ ਦਿੱਲੀ ਯੂਨਿਟ ਨਾਲ ਸਬੰਧਤ ਆਗੂਆਂ ਨੂੰ ਵੀ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਜਲੰਧਰ ਦੇ ਮੇਅਰ ਦੀ ਚੋਣ ਸਬੰਧੀ ਸਾਰਾ ਫ਼ੈਸਲਾ ਪੰਜਾਬ ਯੂਨਿਟ ਅਤੇ ਸਥਾਨਕ ਪੱਧਰ ’ਤੇ ਕੰਮ ਕਰ ਰਹੇ ਆਗੂਆਂ ਨੇ ਹੀ ਲਿਆ ਹੈ ਅਤੇ ਜਲੰਧਰ ਦੇ ਨਵੇਂ ਮੇਅਰ ਦੇ ਰੂਪ ਵਿਚ ਜਿਸ ਸ਼ਖਸ ਦੀ ਗੈਰ-ਰਸਮੀ ਚੋਣ ਕੀਤੀ ਗਈ ਹੈ, ਉਸ ਨੇ ਪਾਰਟੀ ਨੂੰ ਬਹੁਮਤ ਦਿਵਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ।
ਇਹ ਵੀ ਪੜ੍ਹੋ- ਜਲੰਧਰ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ ! ਵਧੀ ਹਲਚਲ
ਨਵੇਂ ਡਿਵੀਜ਼ਨਲ ਕਮਿਸ਼ਨਰ ਦੀ ਤਾਇਨਾਤੀ ਹੁੰਦੇ ਹੀ ਕੌਂਸਲਰ ਹਾਊਸ ਦੀ ਮੀਟਿੰਗ ਬੁਲਾਉਣ ਸਬੰਧੀ ਪ੍ਰਕਿਰਿਆ ਹੋਵੇਗੀ ਸ਼ੁਰੂ
ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਨ ਲਈ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਅਜੇ ਬੁਲਾਈ ਜਾਣੀ ਹੈ। ਇਹ ਮੀਟਿੰਗ ਡਵੀਜ਼ਨਲ ਕਮਿਸ਼ਨਰ ਵੱਲੋਂ ਬੁਲਾਈ ਜਾਂਦੀ ਹੈ ਪਰ ਇਸ ਸਮੇਂ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਦੀ ਪੋਸਟ ਖਾਲੀ ਪਈ ਹੋਈ ਹੈ ਅਤੇ ਪੰਜਾਬ ਸਰਕਾਰ ਨੇ ਅਜੇ ਇਸ ਪੋਸਟ ’ਤੇ ਕਿਸੇ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ।
ਡਿਵੀਜ਼ਨਲ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਸੀਨੀਅਰ ਆਈ. ਏ. ਐੱਸ. ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ 31 ਦਸੰਬਰ ਨੂੰ ਰਿਟਾਇਰ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ 1-2 ਦਿਨਾਂ ਵਿਚ ਜਲੰਧਰ ਦੇ ਨਵੇਂ ਡਵੀਜ਼ਨਲ ਕਮਿਸਨਰ ਦੀ ਤਾਇਨਾਤੀ ਕਰ ਦੇਵੇਗੀ, ਵੈਸੇ ਇਸ ਪੋਸਟ ਲਈ ਆਈ. ਏ. ਐੱਸ. ਅਧਿਕਾਰੀ ਗੁਰਪ੍ਰੀਤ ਕੌਰ ਸਪਰਾ ਦਾ ਨਾਂ ਹੀ ਸਾਹਮਣੇ ਆ ਰਿਹਾ ਹੈ, ਜੋ ਪਹਿਲਾਂ ਵੀ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਰਹਿ ਚੁੱਕੇ ਹਨ। ਆਮ ਆਦਮੀ ਪਾਰਟੀ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਡਿਵੀਜ਼ਨਲ ਕਮਿਸ਼ਨਰ ਤਾਇਨਾਤ ਹੁੰਦੇ ਹੀ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਬੁਲਾਉਣ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਲੋਹੜੀ ਜਾਂ ਮਾਘੀ ਦੇ ਨੇੜੇ ਹਾਊਸ ਦੀ ਮੀਟਿੰਗ ਬੁਲਾ ਕੇ ਮੇਅਰ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਅਗਲੀਆਂ ਵਿਧਾਨ ਸਭਾ ਚੋਣਾਂ ਹਨ ਸਭ ਤੋਂ ਵੱਡਾ ਚੈਲੇਂਜ
ਜਲੰਧਰ ਦੇ ਨਵੇਂ ਮੇਅਰ ਦੇ ਮੋਢਿਆਂ ’ਤੇ ਜਿੱਥੇ ਸ਼ਹਿਰ ਦੇ ਵਿਗੜ ਚੁੱਕੇ ਸਿਸਟਮ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਹੋਵਗੀ, ਉਥੇ ਹੀ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਚੈਲੇਂਜ 2027 ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਲਈ ਕਾਫੀ ਮਹੱਤਵਪੂਰਨ ਸਮਝੀਆਂ ਜਾ ਰਹੀਆਂ ਹਨ। ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ‘ਆਪ’ਨੂੰ ਲਗਭਗ 3 ਸਾਲ ਹੋ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਦੌਰਾਨ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।
ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਸ਼ਹਿਰ ਦੀ ਹਾਲਤ ਅਤੇ ਨਗਰ ਨਿਗਮ ਦੀ ਪ੍ਰਫਾਰਮੈਂਸ ਕਾਫੀ ਮਹੱਤਵਪੂਰਨ ਰਹੇਗੀ, ਇਸ ਲਈ ਇਸ ਮਾਮਲੇ ਵਿਚ ਨਵੇਂ ਮੇਅਰ ’ਤੇ ਸਭ ਦੀਆਂ ਨਜ਼ਰਾਂ ਵੀ ਹੋਣਗੀਆਂ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਜਨ-ਪ੍ਰਤੀਨਿਧੀਆਂ ਦੇ ਨਾਲ-ਨਾਲ ਬਾਕੀ ਪਾਰਟੀਆਂ ਦੇ ਕੌਂਸਲਰਾਂ ਅਤੇ ਆਮ ਲੋਕਾਂ ਨਾਲ ਵੀ ਤਾਲਮੇਲ ਬਣਾ ਕੇ ਚੱਲਣਾ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਥੇ 2 ਯੂਨੀਅਨਾਂ ਕਾਫ਼ੀ ਪ੍ਰਭਾਵਸ਼ਾਲੀ ਸਮਝੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਨਿਗਮ ਦੇ ਅਫ਼ਸਰ ਵੀ ਡਰਦੇ ਹਨ। ਦੋਵਾਂ ਯੂਨੀਅਨਾਂ ਦੇ ਆਗੂ ਆਪਣੀ-ਆਪਣੀ ਬਰਾਦਰੀ ਵਿਚ ਵੀ ਕਾਫ਼ੀ ਪ੍ਰਭਾਵ ਰੱਖਦੇ ਹਨ। ਨਿਗਮ ਦੇ ਵਧੇਰੇ ਕੰਮਾਂ ਅਤੇ ਸਿਸਟਮ ਨੂੰ ਚਲਾਉਣ ਵਿਚ ਯੂਨੀਅਨ ਆਗੂਆਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਹੜਤਾਲ ਆਦਿ ਦੀ ਅਕਸਰ ਮਿਲਣ ਵਾਲੀ ਧਮਕੀ ਨਾਲ ਨਜਿੱਠਣਾ ਵੀ ਮੇਅਰ ਦੇ ਸਾਹਮਣੇ ਇਕ ਚੁਣੌਤੀ ਹੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮਨਾਲੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਖੇਤਾਂ 'ਚ ਪਲਟੀ, ਮਚਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e