ਜਲੰਧਰ ਦਾ ਮੇਅਰ ਕੋਈ ਵੀ ਬਣੇ, ਬੈਠਣਾ ਉਸ ਨੂੰ ਕੰਡਿਆਂ ਦੇ ਸਿੰਘਾਸਨ ’ਤੇ ਹੀ ਹੋਵੇਗਾ
Saturday, Dec 28, 2024 - 11:35 AM (IST)
ਜਲੰਧਰ (ਖੁਰਾਣਾ)–ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਸਮਾਪਤ ਹੋ ਚੁੱਕੀਆਂ ਹਨ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਨਿਗਮਾਂ ਵਿਚ ਸੱਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰਦੀ ਵੀ ਦਿਸ ਰਹੀ ਹੈ। ਜਲੰਧਰ ਦੀ ਗੱਲ ਕਰੀਏ ਤਾਂ ਬਹੁਮਤ ਤੋਂ ਪਿੱਛੇ ਰਹਿਣ ਦੇ ਬਾਵਜੂਦ ਆਮ ਆਦਮੀ ਪਾਰਟੀ ਨਵੇਂ ਹਾਊਸ ਲਈ ਬਹੁਮਤ ਜੁਟਾ ਚੁੱਕੀ ਹੈ। ਜਲੰਧਰ ਵਿਚ 'ਆਪ' ਨੂੰ ਆਪਣਾ ਮੇਅਰ ਬਣਾਉਣ ਲਈ 43 ਕੌਂਸਲਰ ਚਾਹੀਦੇ ਸਨ ਪਰ ਉਸ ਦੇ ਖੇਮੇ ਵਿਚ 44 ਕੌਂਸਲਰ ਆ ਚੁੱਕੇ ਹਨ। ਅਜਿਹੀ ਹਾਲਤ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਤਾਂ ਜਲੰਧਰ ਵਿਚ ਬਣਨ ਜਾ ਹੀ ਰਿਹਾ ਹੈ। ਮੇਅਰ ਦੀ ਚੋਣ ਲਈ ਪਿਛਲੇ ਕਈ ਦਿਨਾਂ ਤੋਂ ਕਸ਼ਮਕਸ਼ ਦਾ ਦੌਰ ਚੱਲ ਰਿਹਾ ਹੈ। ਇਸ ਅਹੁਦੇ ਲਈ ਪਹਿਲਾਂ 4-5 ਉਮੀਦਵਾਰ ਮੈਦਾਨ ਵਿਚ ਸਨ ਪਰ ਆਖਰੀ ਸਮੇਂ 2 ਦਾਅਵੇਦਾਰ ਹੀ ਬਚ ਗਏ ਸਨ। ਅਜਿਹੀ ਹਾਲਤ ਵਿਚ ਮੇਅਰ ਦੀ ਚੋਣ ਕਰਨ ਲਈ ਬਣਾਈ ਕਮੇਟੀ ਨੇ ਆਪਸ ਵਿਚ ਬੈਠ ਕੇ ਸਰਬਸੰਮਤੀ ਬਣਾਉਣ ਦਾ ਫੈਸਲਾ ਲਿਆ ਪਰ ਫਿਰ ਵੀ ਇਕ ਨਾਂ ’ਤੇ ਸਹਿਮਤੀ ਨਹੀਂ ਬਣ ਸਕੀ। ਜਲੰਧਰ ਦੇ ਮੇਅਰ ਦੀ ਚੋਣ ਲਈ ਸ਼ੁੱਕਰਵਾਰ ਨੂੰ ਵੀ ਚੰਡੀਗੜ੍ਹ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਪੱਖਾਂ ’ਤੇ ਵਿਚਾਰ ਕੀਤਾ ਗਿਆ ਪਰ ਦੇਰ ਸ਼ਾਮ ਤਕ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਕਮੇਟੀ ਦੇ ਵਧੇਰੇ ਮੈਂਬਰ ਇਕ ਨਾਂ ’ਤੇ ਲਗਭਗ ਸਹਿਮਤ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਸਾਵਧਾਨ ! ਘਰ ਬੈਠੇ ਬਿਠਾਏ ਸਾਬਕਾ ਫ਼ੌਜੀ ਨਾਲ ਹੋ ਗਿਆ ਵੱਡਾ ਕਾਂਡ, ਹੋਸ਼ ਉਡਾ ਦੇਵੇਗੀ ਇਹ ਘਟਨਾ
ਕੂੜੇ ਦੀ ਸਮੱਸਿਆ, ਟੁੱਟੀਆਂ ਸੜਕਾਂ ਅਤੇ ਜਗ੍ਹਾ-ਜਗ੍ਹਾ ਖੜ੍ਹੇ ਗੰਦੇ ਪਾਣੀ ਦੀਆਂ ਮੁਸ਼ਕਲਾਂ ਝੱਲ ਰਿਹਾ ਸ਼ਹਿਰ
ਸ਼ਹਿਰ ਵਿਚ ਆਮ ਚਰਚਾ ਹੈ ਕਿ ਪਹਿਲਾਂ ਅਕਾਲੀ-ਭਾਜਪਾ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸ਼ਾਸਨ ਵਿਚ ਜਲੰਧਰ ਨਗਰ ਨਿਗਮ ਦੇ ਸਿਸਟਮ ਦਾ ਭੱਠਾ ਬੈਠ ਗਿਆ ਸੀ ਪਰ ਤੱਥ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਵੀ ਹੁਣ ਤਿੰਨ ਸਾਲ ਹੋਣ ਵਾਲੇ ਹਨ, ਫਿਰ ਵੀ ਜਲੰਧਰ ਨਿਗਮ ਦਾ ਸਿਸਟਮ ਸੁਧਰਨ ਦਾ ਨਾਂ ਨਹੀਂ ਲੈ ਰਿਹਾ ਅਤੇ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਭਾਵੇਂ ਨਿਗਮ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਨਗਰ ਨਿਗਮ ਨੇ ਖੂਬ ਮਿਹਨਤ ਕਰਕੇ ਸ਼ਹਿਰ ਨੂੰ ਸਾਫ਼-ਸੁਥਰਾ ਕਰਨ ਦੀ ਮੁਹਿੰਮ ਚਲਾਈ ਪਰ ਅੱਜ ਵੀ ਸ਼ਹਿਰ ਦੀਆਂ ਕਈ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਉਨ੍ਹਾਂ ’ਤੇ ਪੈਚਵਰਕ ਤਕ ਨਹੀਂ ਕੀਤਾ ਜਾ ਰਿਹਾ। ਅੱਜ ਵੀ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਚੁੱਕਿਆ ਨਹੀਂ ਜਾ ਰਿਹਾ ਅਤੇ ਜਗ੍ਹਾ-ਜਗ੍ਹਾ ਬਰਸਾਤ ਤੇ ਸੀਵਰ ਦਾ ਗੰਦਾ ਪਾਣੀ ਖੜ੍ਹਾ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਅਜਿਹੇ ਵਿਚ ਸਾਫ਼ ਦਿਸਦਾ ਹੈ ਕਿ ਜਲੰਧਰ ਸ਼ਹਿਰ ਕਈ ਸਾਲ ਪਿੱਛੇ ਚਲਾ ਗਿਆ ਹੈ। ਜਿਹੜਾ ਸ਼ਹਿਰ ਕਦੀ ਰਹਿਣ-ਸਹਿਣ ਦੇ ਮਾਮਲੇ ਵਿਚ ਪੰਜਾਬ ਦਾ ਨੰਬਰ ਇਕ ਸ਼ਹਿਰ ਹੁੰਦਾ ਸੀ, ਅੱਜ ਛੋਟੇ-ਛੋਟੇ ਸ਼ਹਿਰਾਂ ਤੋਂ ਵੀ ਪਿੱਛੇ ਮੰਨਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਤੈਅ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਲੰਧਰ ਸ਼ਹਿਰ ਦਾ ਮੇਅਰ ਕੋਈ ਵੀ ਬਣੇ, ਉਸਨੂੰ ਕੰਡਿਆਂ ਦੇ ਸਿੰਘਾਸਨ ’ਤੇ ਬੈਠਣਾ ਹੀ ਪਵੇਗਾ ਅਤੇ ਪੂਰਾ ਜ਼ੋਰ ਲਾ ਕੇ ਸ਼ਹਿਰ ਦੀ ਵਿਗੜ ਚੁੱਕੀ ਹਾਲਤ ਨੂੰ ਸੁਧਾਰਨਾ ਹੋਵੇਗਾ, ਨਹੀਂ ਤਾਂ ਕੁਝ ਸਮੇਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਧਿਰ ਨੂੰ ਕਾਫ਼ੀ ਮੁਸ਼ਕਲਾਂ ਝੱਲਣੀਆਂ ਪੈ ਸਕਦੀਆਂ ਹਨ।
ਇਹ ਵੀ ਪੜ੍ਹੋ- ਰੀਲ ਬਣਾਉਣ ਦਾ ਜਨੂੰਨ, ਮਹਿਲਾ ਵੱਲੋਂ ਪਾਗਲਪਣ ਦੀਆਂ ਹੱਦਾਂ ਪਾਰ, ਸੜਕ ਵਿਚਾਲੇ ਬਣਾਈ ਵੀਡੀਓ
ਜਲੰਧਰ ਨਿਗਮ ਦੇ ਕੌਂਸਲਰ ਹਾਊਸ ’ਤੇ ਹਾਵੀ ਹੋ ਚੁੱਕੀ ਹੈ ਅਫ਼ਸਰਸ਼ਾਹੀ
ਬਾਕੀ ਸ਼ਹਿਰਾਂ ਦੇ ਨਿਗਮਾਂ ਦਾ ਤਾਂ ਪਤਾ ਨਹੀਂ ਪਰ ਜਲੰਧਰ ਨਗਰ ਨਿਗਮ ਦਾ ਕੌਂਸਲਰ ਹਾਊਸ ਇਸ ਸਮੇਂ ਸਿਰਫ਼ ਫਾਰਮੈਲਿਟੀ ਬਣ ਚੁੱਕਾ ਹੈ। ਪਿਛਲੇ ਕਈ ਸਾਲਾਂ ਤੋਂ ਹਾਊਸ ਦੀਆਂ ਮੀਟਿੰਗਾਂ ਸਿਰਫ਼ ਖਾਨਾਪੂਰਤੀ ਜਾਂ ਦਿਖਾਵੇ ਲਈ ਹੁੰਦੀਆਂ ਰਹੀਆਂ ਹਨ ਤਾਂ ਕਿ ਪ੍ਰਸ਼ਾਸਨਿਕ ਮਨਜ਼ੂਰੀਆਂ ਆਦਿ ਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾ ਸਕੇ ਅਤੇ ਫਾਈਲਾਂ ਦਾ ਢਿੱਡ ਭਰਿਆ ਜਾ ਸਕੇ। ਪਿਛਲੇ 5 ਸਾਲ ਰਹੇ ਕਾਂਗਰਸ ਦੇ ਰਾਜ ਦੌਰਾਨ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੀ ਇੰਨੀ ਦੁਰਗਤੀ ਹੋਈ ਹੈ ਕਿ ਹੁਣ ਕੌਂਸਲਰ ਵੀ ਹਾਊਸ ਵਿਚ ਦਿਲਚਸਪੀ ਨਹੀਂ ਲੈਂਦੇ। ਕਦੀ ਸਮਾਂ ਸੀ, ਜਦੋਂ ਨਿਗਮਾਂ ਦੇ ਕੌਂਸਲਰ ਹਾਊਸ ਨੂੰ 'ਸੁਪਰੀਮ' ਕਿਹਾ ਜਾਂਦਾ ਸੀ। ਉਦੋਂ ਵੱਡੇ ਤੋਂ ਵੱਡਾ ਧਾਕੜ ਅਫ਼ਸਰ ਵੀ ਕੌਂਸਲਰ ਹਾਊਸ ਦਾ ਸਾਹਮਣਾ ਕਰਨ ਤੋਂ ਘਬਰਾਉਂਦਾ ਸੀ। ਹਾਊਸ ਦੌਰਾਨ ਹੋਈ ਚਰਚਾ ਵਿਚ ਜੇਕਰ ਕਿਸੇ ਨਿਗਮ ਕਰਮਚਾਰੀ ਜਾਂ ਅਧਿਕਾਰੀ ਦਾ ਨਾਂ ਆ ਜਾਂਦਾ ਸੀ, ਉਸ ਅਫਸਰ ਦੇ ਚਿਹਰੇ ’ਤੇ ਆਇਆ ਪਸੀਨਾ ਦੇਖਣ ਲਾਇਕ ਹੁੰਦਾ ਸੀ ਪਰ ਹੁਣ ਜਲੰਧਰ ਨਿਗਮ ਅਤੇ ਚੰਡੀਗੜ੍ਹ ਬੈਠੇ ਲੋਕਲ ਬਾਡੀਜ਼ ਦੀ ਅਫਸਰਸ਼ਾਹੀ ਚੁਣੇ ਹੋਏ ਪ੍ਰਤੀਨਿਧੀਆਂ ’ਤੇ ਇੰਨੀ ਹਾਵੀ ਹੋ ਚੁੱਕੀ ਹੈ ਕਿ ਅਫ਼ਸਰ ਕੌਂਸਲਰ ਹਾਊਸ ਵਿਚ ਹੀ ਕੌਂਸਲਰਾਂ ਨੂੰ ਅੱਖਾਂ ਤਕ ਦਿਖਾਉਣ ਲੱਗ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਹੁਣ ਤਾਂ ਅਜਿਹਾ ਸਮਾਂ ਆ ਗਿਆ ਹੈ ਕਿ ਕੌਂਸਲਰ ਹਾਊਸ ਜੇਕਰ ਕਿਸੇ ਵਿਸ਼ੇ ’ਤੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰਦਾ ਹੈ ਤਾਂ ਪਹਿਲਾਂ ਤਾਂ ਜਲੰਧਰ ਨਿਗਮ ਦੇ ਅਧਿਕਾਰੀ ਹੀ ਉਸ ਨੂੰ ਹਲਕੇ ਵਿਚ ਲੈਂਦੇ ਹਨ ਅਤੇ ਚੰਡੀਗੜ੍ਹ ਵਿਚ ਬੈਠੇ ਲੋਕਲ ਬਾਡੀਜ਼ ਦੇ ਅਫਸਰ ਤਾਂ ਉਸ ਪ੍ਰਸਤਾਵ ਨੂੰ ਜਿਵੇਂ ਰੱਦੀ ਦੀ ਟੋਕਰੀ ਵਿਚ ਹੀ ਸੁੱਟ ਦਿੰਦੇ ਹਨ। ਹੁਣ ਭਾਵੇਂ 85 ਕੌਂਸਲਰ ਨਵੇਂ ਸਿਰੇ ਤੋਂ ਚੁਣ ਕੇ ਆ ਰਹੇ ਹਨ ਅਤੇ ਉਨ੍ਹਾਂ ਵਿਚੋਂ ਲਗਭਗ 60 ਨਵੇਂ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੌਂਸਲਰ ਹਾਊਸ ਦਾ ਸੁਪਰੀਮ ਸਟੇਟਸ ਫਿਰ ਬਹਾਲ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e