DMU ਦੇ ਇੰਜਣ ’ਚ ਫਸੀ ਗਊ ਲਗਭਗ 100 ਮੀਟਰ ਘਿਸੜਦੀ ਰਹੀ, ਵੱਡਾ ਹਾਦਸਾ ਟਲਿਆ
Wednesday, Jan 01, 2025 - 05:12 PM (IST)
ਜਲੰਧਰ (ਚੋਪੜਾ)–ਜਲੰਧਰ ਤੋਂ ਨਕੋਦਰ ਜਾ ਰਹੇ ਡੀ. ਐੱਮ. ਯੂ. ਦੇ ਇੰਜਣ ਵਿਚ ਗਊ ਦੇ ਫਸਣ ਨਾਲ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਹਾਦਸੇ ਤੋਂ ਬਾਅਦ ਗਊ ਲਗਭਗ 100 ਮੀਟਰ ਤਕ ਟ੍ਰੈਕ ’ਤੇ ਘਿਸੜਦੀ ਰਹੀ ਅਤੇ ਡਰਾਈਵਰ ਵੱਲੋਂ ਐਮਰਜੈਂਸੀ ਬ੍ਰੇਕ ਲਾ ਕੇ ਡੀ. ਐੱਮ. ਯੂ. ਨੂੰ ਰੋਕਿਆ ਗਿਆ।
ਬੀਤੀ ਸ਼ਾਮ 6 ਵਜੇ ਨਕੋਦਰ ਨੂੰ ਜਾ ਰਿਹਾ ਡੀ. ਐੱਮ. ਯੂ. ਗੁਰਜੈਪਾਲ ਨਗਰ ਰੇਲਵੇ ਕਰਾਸਿੰਗ ਤੋਂ ਲੰਘਿਆ, ਉਦੋਂ ਜੋਤੀ ਨਗਰ ਤੋਂ ਕੁਝ ਦੂਰੀ ’ਤੇ ਰੇਲਵੇ ਟ੍ਰੈਕ (ਸਿੰਗਲ ਲੇਨ) ਦੇ ਸਾਹਮਣਿਓਂ ਲੰਘਦੀ ਗਊ ਡੀ. ਐੱਮ. ਯੂ. ਨਾਲ ਟਕਰਾਅ ਕੇ ਇੰਜਣ ਦੇ ਹੇਠਲੇ ਹਿੱਸੇ ਵਿਚ ਫਸ ਗਈ। ਡੀ. ਐੱਮ. ਯੂ. ਦੀ ਰਫ਼ਤਾਰ ਤੇਜ਼ ਹੋਣ ਕਾਰਨ ਜਦੋਂ ਤਕ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ, ਉਦੋਂ ਤਕ ਟ੍ਰੇਨ ਕਾਫ਼ੀ ਅੱਗੇ ਤਕ ਨਿਕਲ ਚੁੱਕੀ ਸੀ। ਹਾਲਾਂਕਿ ਗਊ ਤਕ ਮਰ ਚੁੱਕੀ ਸੀ ਪਰ ਜੇਕਰ ਸਮਾਂ ਰਹਿੰਦੇ ਗਊ ਦੇ ਫਸੇ ਹੋਣ ਦਾ ਡਰਾਈਵਰ ਨੂੰ ਪਤਾ ਨਾ ਲੱਗਦਾ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ- ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ 'ਚ ਅੱਧੀ ਰਾਤ ਨੂੰ ਸੜਕਾਂ 'ਤੇ ਇਸ ਚੀਜ਼ ਨੂੰ ਘੁੰਮਦੇ ਵੇਖ ਸਹਿਮੇ ਲੋਕ
ਡੀ. ਐੱਮ. ਯੂ. ਦੇ ਰੁਕਣ ਤੋਂ ਬਾਅਦ ਡਰਾਈਵਰ ਨੇ ਕੁਝ ਲੋਕਾਂ ਦੀ ਮਦਦ ਨਾਲ ਫਸੀ ਗਊ ਨੂੰ ਟ੍ਰੇਨ ਪਿੱਛੇ ਕਰਕੇ ਕੱਢਿਆ ਅਤੇ ਟਰੈਕ ਦੇ ਸਾਈਡ ’ਤੇ ਪੱਥਰਾਂ ’ਤੇ ਪਾ ਦਿੱਤਾ, ਜਿਸ ਕਾਰਨ ਲਗਭਗ 15 ਮਿੰਟਾਂ ਬਾਅਦ ਟ੍ਰੇਨ ਆਪਣੀ ਮੰਜ਼ਿਲ ਨੂੰ ਰਵਾਨਾ ਹੋਈ। ਪਰ ਰੇਲਵੇ ਵਿਭਾਗ ਦੀ ਲਾਪ੍ਰਵਾਹੀ ਉਸ ਸਮੇਂ ਸਾਹਮਣੇ ਆਈ ਜਦੋਂ ਘਟਨਾ ਨੂੰ 40 ਘੰਟੇ ਬੀਤ ਜਾਣ ਦੇ ਬਾਅਦ ਵੀ ਵਿਭਾਗ ਨੇ ਗਊਵੰਸ਼ ਦੀ ਲਾਸ਼ ਨੂੰ ਟ੍ਰੈਕ ਤੋਂ ਨਹੀਂ ਚੁੱਕਿਆ, ਜਿਸ ਕਾਰਨ ਨਕੋਦਰ ਨੂੰ ਆਉਣ-ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਅੱਜ ਲਾਸ਼ ਨੇੜਿਓਂ ਹੌਲੀ ਰਫਤਾਰ ਨਾਲ ਲੰਘਦੀਆਂ ਰਹੀਆਂ।
ਦੁਧਾਰੂ ਗਊਆਂ ਨੂੰ ਚਰਨ ਲਈ ਟ੍ਰੈਕ ਕੋਲ ਖੁੱਲ੍ਹਾ ਛੱਡ ਦਿੰਦੇ ਹਨ ਪਸ਼ੂ ਮਾਲਕ, ਰੇਲਵੇ ਅਧਿਕਾਰੀ ਖਾਮੋਸ਼
ਜਲੰਧਰ-ਨਕੋਦਰ ਰੇਲਵੇ ਟ੍ਰੈਕ ’ਤੇ ਡੀ. ਐੱਮ. ਯੂ. ਨਾਲ ਟਕਰਾਅ ਕੇ ਜਾਨਵਰਾਂ ਦੇ ਮਰਨ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਟ੍ਰੈਕ ਦੇ ਆਲੇ-ਦੁਆਲੇ ਦੀ ਜ਼ਮੀਨ ’ਤੇ ਕੂੜੇ ਦੇ ਢੇਰ ਅਤੇ ਜੰਗਲੀ ਘਾਹ-ਬੂਟੀਆਂ ਹਨ, ਜਿਸ ਦੀ ਸਾਫ-ਸਫਾਈ ਕਰਨ ਤੋਂ ਵਿਭਾਗ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਿਤ ਹੁੰਦਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਂਝ ਤਾਂ ਰੇਲਵੇ ਵਿਭਾਗ ਨੇ ਟ੍ਰੈਕ ਸਾਹਮਣੇ ਕੂੜਾ ਸੁੱਟਣ ’ਤੇ ਰੋਕ ਲਾ ਰੱਖੀ ਹੈ ਅਤੇ ਇਸਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵੀ ਵਿਵਸਥਾ ਹੈ ਪਰ ਫਿਰ ਵੀ ਅਧਿਕਾਰੀ ਕੂੜਾ ਸੁੱਟਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਇੰਨਾ ਹੀ ਨਹੀਂ, ਕੂੜੇ ਅਤੇ ਚਾਰੇ ਨੂੰ ਦੇਖ ਕੇ ਕੁਝ ਲੋਕ ਆਪਣੀਆਂ ਦੁਧਾਰੂ ਗਊਆਂ ਨੂੰ ਟ੍ਰੈਕ ਦੇ ਆਲੇ-ਦੁਆਲੇ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ। ਗਊਆਂ ਦੇ ਝੁੰਡ ਸਾਰਾ ਦਿਨ ਟ੍ਰੈਕ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ ਅਤੇ ਦਿਨ ਢਲਣ ਤੋਂ ਪਹਿਲਾਂ ਗਊਆਂ ਦੇ ਮਾਲਕ ਉਨ੍ਹਾਂ ਨੂੰ ਟ੍ਰੈਕ ਤੋਂ ਵਾਪਸ ਲੈ ਜਾਂਦੇ ਹਨ।
ਇਕ ਅੱਖੀਂ ਦੇਖਣ ਵਾਲੇ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਵੀ ਗਊਆਂ ਦੇ ਝੁੰਡ ਰੇਲ ਦੀਆਂ ਪਟੜੀਆਂ ਸਾਹਮਣੇ ਘਾਹ ਚਰ ਰਹੇ ਸਨ ਕਿ ਟ੍ਰੇਨ ਆ ਗਈ। ਜਦੋਂ ਟ੍ਰੇਨ ਆਈ ਅਤੇ ਡਰਾਈਵਰ ਨੇ ਹਾਰਨ ਮਾਰਿਆ ਤਾਂ ਚਰਦੇ-ਚਰਦੇ ਇਕ ਗਊ ਘਬਰਾ ਕੇ ਟ੍ਰੇਨ ਦੀ ਲਪੇਟ ਵਿਚ ਆ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਆਪਣੇ ਦੁਧਾਰੂ ਜਾਨਵਰਾਂ ਨੂੰ ਰੋਜ਼ਾਨਾ ਟ੍ਰੇਨ ਦੀਆਂ ਪਟੜੀਆਂ ਅਤੇ ਆਲੇ-ਦੁਆਲੇ ਛੱਡਣ ਵਾਲੇ ਪਸ਼ੂ ਮਾਲਕਾਂ ਖ਼ਿਲਾਫ਼ ਰੇਲਵੇ ਵਿਭਾਗ ਕਾਰਵਾਈ ਕਰਨ ਦੀ ਬਜਾਏ ਪਤਾ ਨਹੀਂ ਕਿਉਂ ਖਾਮੋਸ਼ ਬਣਿਆ ਰਹਿੰਦਾ ਹੈ। ਸ਼ਾਇਦ ਅਧਿਕਾਰੀ ਕਿਸੇ ਵੱਡੇ ਹਾਦਸੇ ਦੇ ਵਾਪਰਨ ਤੋਂ ਬਾਅਦ ਨੀਂਦ ਤੋਂ ਜਾਗਣਗੇ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e