''ਆਪ'' ਤੋਂ ਫਾਈਨਲ ਹੀ ਨਹੀਂ ਹੋ ਰਿਹਾ ਜਲੰਧਰ ਦੇ ਨਵੇਂ ਮੇਅਰ ਦਾ ਨਾਂ, ਕਈਆਂ ਦੀਆਂ ਹੋ ਰਹੀਆਂ ਸਿਫ਼ਾਰਿਸ਼ਾਂ

Thursday, Dec 26, 2024 - 12:09 PM (IST)

''ਆਪ'' ਤੋਂ ਫਾਈਨਲ ਹੀ ਨਹੀਂ ਹੋ ਰਿਹਾ ਜਲੰਧਰ ਦੇ ਨਵੇਂ ਮੇਅਰ ਦਾ ਨਾਂ, ਕਈਆਂ ਦੀਆਂ ਹੋ ਰਹੀਆਂ ਸਿਫ਼ਾਰਿਸ਼ਾਂ

ਜਲੰਧਰ (ਖੁਰਾਣਾ)–ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਆਮ ਆਦਮੀ ਪਾਰਟੀ ਨੇ ਜਲੰਧਰ ਨਿਗਮ ਦੀਆਂ ਚੋਣਾਂ ਤਾਂ ਸੰਪੰਨ ਕਰਵਾ ਲਈਆਂ ਹਨ ਪਰ ਹਾਲੇ ਤਕ ‘ਆਪ’ ਲੀਡਰਸ਼ਿਪ ਤੋਂ ਸ਼ਹਿਰ ਦੇ ਨਵੇਂ ਮੇਅਰ ਦਾ ਨਾਂ ਫਾਈਨਲ ਹੀ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਇਸ ਨਾਂ ਦੀ ਚੋਣ ਕਰਨ ਲਈ ਸਥਾਨਕ ਪੱਧਰ ’ਤੇ ਅਤੇ ਸੂਬਾ ਪੱਧਰ ਤੋਂ ਇਲਾਵਾ ਦਿੱਲੀ ਪੱਧਰ ’ਤੇ ਵੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਭਾਵੇਂ ਇਹ ਮੀਟਿੰਗਾਂ ਗੈਰ-ਰਸਮੀ ਤੌਰ ’ਤੇ ਕੀਤੀਆਂ ਜਾ ਰਹੀਆਂ ਹਨ ਪਰ ਪਤਾ ਲੱਗਾ ਹੈ ਕਿ ਇਨ੍ਹਾਂ ਮੀਟਿੰਗਾਂ ਵਿਚ ਸ਼ਾਮਲ ਵੱਖ-ਵੱਖ ਨੇਤਾ ਆਪਣੇ-ਆਪਣੇ ਖਾਸਮਖਾਸ ਦਾ ਨਾਂ ਹੀ ਅੱਗੇ ਕਰ ਰਹੇ ਹਨ। ਫਿਲਹਾਲ ਮੇਅਰ ਅਹੁਦੇ ਦੇ ਦਾਅਵੇਦਾਰਾਂ ਦਾ ਇਕ ਪੈਨਲ ਬਣਾਇਆ ਜਾ ਚੁੱਕਾ ਹੈ, ਜਿਸ ਵਿਚ ਸ਼ਾਮਲ ਨਵੇਂ ਕੌਂਸਲਰਾਂ ਵਿਚੋਂ ਹੀ ਕਿਸੇ ਨੂੰ ਮੇਅਰ ਚੁਣ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ 'ਚ ਚੱਲੀਆਂ ਗੋਲ਼ੀਆਂ

ਇੰਟਰਨਲ ਸਰਵੇ ਦਾ ਸਹਾਰਾ ਵੀ ਲੈ ਰਹੀ ਹੈ ਪਾਰਟੀ, ਏਜੰਸੀਆਂ ਦੀ ਵੀ ਲਈ ਗਈ ਮਦਦ
ਜਲੰਧਰ ਦੇ ਮੇਅਰ ਅਹੁਦੇ ਦੇ ਦਾਅਵੇਦਾਰਾਂ ਦਾ ਇਕ ਪੈਨਲ ਬਣਾਇਆ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਇਕ ਇੰਟਰਨਲ ਸਰਵੇ ਵੀ ਕਰਵਾਇਆ ਹੈ ਅਤੇ ਉਸ ਸਰਵੇ ਦੇ ਆਧਾਰ ’ਤੇ ਵੀ ਦਾਅਵੇਦਾਰਾਂ ਨੂੰ ਲੈ ਕੇ ਕਈ ਸੂਚਨਾਵਾਂ ਜੁਟਾਈਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਮੇਅਰ ਅਹੁਦੇ ਦੇ ਨਾਂ ਦੀ ਚੋਣ ਕਰਨ ਲਈ ਏਜੰਸੀਆਂ ਦੀ ਰਿਪੋਰਟ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ ਅਤੇ ਦਾਅਵੇਦਾਰਾਂ ਦਾ ਪਿਛਲਾ ਰਿਕਾਰਡ ਵੀ ਜੁਟਾ ਲਿਆ ਗਿਆ ਹੈ।

ਅਕਸ ਦੇ ਨਾਲ-ਨਾਲ ਨਿਗਮ ਪ੍ਰਤੀ ਵਰਕਿੰਗ ਨੂੰ ਵੀ ਬਣਾਇਆ ਜਾਵੇਗਾ ਆਧਾਰ
ਪਾਰਟੀ ਲੀਡਰਸ਼ਿਪ ਨਾਲ ਜੁੜੇ ਕੁਝ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਜਲੰਧਰ ਦਾ ਨਵਾਂ ਮੇਅਰ ਸਾਫ਼-ਸੁਥਰੇ ਅਕਸ ਵਾਲੇ ਨੇਤਾ ਨੂੰ ਬਣਾਉਣਾ ਚਾਹੁੰਦੀ ਹੈ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਨਵੇਂ ਮੇਅਰ ਦੀ ਚੋਣ ਕਰਦੇ ਸਮੇਂ ਇਹ ਵੀ ਦੇਖਿਆ ਜਾਵੇਗਾ ਕਿ ਉਸਨੂੰ ਨਿਗਮ ਦੀ ਵਰਕਿੰਗ ਦਾ ਭਲੀ-ਭਾਂਤ ਗਿਆਨ ਹੋਵੇ ਅਤੇ ਉਸ ਨੂੰ ਨਿਗਮ ਨਾਲ ਜੁੜੇ ਕੰਮ ਕਰਵਾਉਣ ਦਾ ਵੀ ਤਜਰਬਾ ਹੋਵੇ। ਪਾਰਟੀ ਲੀਡਰਸ਼ਿਪ ਵੀ ਇਹ ਮੰਨ ਕੇ ਚੱਲ ਰਹੀ ਹੈ ਕਿ ਨਿਗਮ ਨੂੰ ਇਸ ਸਮੇਂ ਸੰਭਾਲਣਾ ਕੋਈ ਸੌਖਾ ਕੰਮ ਨਹੀਂ ਹੈ, ਇਸ ਲਈ ਕਿਸੇ ਤਜਰਬੇਕਾਰ ਵਿਅਕਤੀ ਨੂੰ ਹੀ ਮੇਅਰ ਬਣਾਇਆ ਜਾਵੇਗਾ ਅਤੇ ਪਾਰਟੀ ਇਸ ਮਾਮਲੇ ਵਿਚ ਕੋਈ ਰਿਸਕ ਨਹੀਂ ਲੈਣਾ ਚਾਹੇਗੀ।

ਇਹ ਵੀ ਪੜ੍ਹੋ-  ਪੰਜਾਬ 'ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਰੋਲੀ ਕੁੜੀ ਦੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਪਿਓ ਦੇ ਹੋਸ਼

ਚੌਥੀ ਵਾਰ ਚੋਣ ਜਿੱਤੀ ਅਰੁਣਾ ਅਰੋੜਾ ’ਤੇ ਵੀ ਦਾਅ ਖੇਡ ਸਕਦੀ ਹੈ ‘ਆਪ’
ਮੇਅਰ ਦੇ ਅਹੁਦੇ ਲਈ ਜਿਥੇ ਵਿਨੀਤ ਧੀਰ, ਅਸ਼ਵਨੀ ਅਗਰਵਾਲ ਅਤੇ ਕੁਝ ਹੋਰ ਨਾਂ ਦੱਸੇ ਜਾ ਰਹੇ ਹਨ, ਉਥੇ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਚੌਥੀ ਵਾਰ ਨਿਗਮ ਚੋਣ ਜਿੱਤੀ ਅਰੁਣਾ ਅਰੋੜਾ ਨੂੰ ਵੀ ਮੇਅਰ ਦਾ ਅਹੁਦਾ ਸੌਂਪ ਸਕਦੀ ਹੈ।
ਜ਼ਿਕਰਯੋਗ ਹੈ ਕਿ ਅਰੁਣਾ ਅਰੋੜਾ ਨੂੰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸ ਦਾ ਭਰਪੂਰ ਫਾਇਦਾ ‘ਆਪ’ ਨੂੰ ਹੋਇਆ ਸੀ। ਨਾ ਸਿਰਫ ਅਰੁਣਾ ਅਰੋੜਾ ਨੇ ਇਕਤਰਫਾ ਜਿੱਤ ਪ੍ਰਾਪਤ ਕੀਤੀ, ਸਗੋਂ ਉਨ੍ਹਾਂ ਦੇ ਮੁਕਾਬਲੇ ਵਿਚ ਿਕਸੇ ਹੋਰ ਉਮੀਦਵਾਰ ਨੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਕੀਤੀ।

ਅਰੁਣਾ ਅਰੋੜਾ ਨੂੰ ਨਾ ਸਿਰਫ ਆਇਰਨ ਲੇਡੀ ਵਜੋਂ ਜਾਣਿਆ ਜਾਂਦਾ ਹੈ, ਸਗੋਂ ਵਾਰਡ ਪ੍ਰਤੀ ਉਨ੍ਹਾਂ ਦੀ ਵਰਕਿੰਗ ਵੀ ਸ਼ਹਿਰ ਲਈ ਇਕ ਮਿਸਾਲ ਹੈ, ਜੋ ਕੋਰੋਨਾ ਕਾਲ ਵਿਚ ਵੀ ਲਗਾਤਾਰ ਜਾਰੀ ਰਹੀ। ਧੁੱਪ ਅਤੇ ਬਰਸਾਤ ਵਿਚ ਵੀ ਖੁਦ ਸੜਕਾਂ ’ਤੇ ਖੜ੍ਹੇ ਹੋ ਕੇ ਕੰਮ ਕਰਵਾਉਣਾ ਉਨ੍ਹਾਂ ਦੀ ਵਿਸ਼ੇਸ਼ਤਾ ਰਹੀ ਅਤੇ ਹੁਣ ਜਿੱਤ ਪ੍ਰਾਪਤੀ ਤੋਂ ਬਾਅਦ ਵੀ ਉਹ ਆਪਣੇ ਵਾਰਡ ਦੀਆਂ ਸੜਕਾਂ ’ਤੇ ਉਤਰੀ ਹੋਈ ਦਿਖਾਈ ਦੇ ਰਹੀ ਹੈ। ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਅਰੁਣਾ ਅਰੋੜਾ ਦੇ ‘ਆਪ’ ਵਿਚ ਆਉਣ ਨਾਲ ਆਸ-ਪਾਸ ਦੇ ਵਾਰਡਾਂ ਵਿਚ ਵੀ ‘ਆਪ’ ਨੂੰ ਜਿੱਤ ਨਸੀਬ ਹੋਈ। ਵੈਸੇ ਵੀ ਅਰੁਣਾ ਅਰੋੜਾ ਦੇ ਪਤੀ ਅਤੇ ਸਵ. ਕਾਂਗਰਸੀ ਨੇਤਾ ਮਨੋਜ ਅਰੋੜਾ ਪੰਜਾਬ ਦੀ ਸਿਆਸਤ ਵਿਚ ਜਾਣਿਆ-ਪਛਾਣਿਆ ਨਾਂ ਰਹੇ ਹਨ ਅਤੇ ਉਨ੍ਹਾਂ ਦੇ ਸਿਆਸੀ, ਸਮਾਜਿਕ ਅਤੇ ਅਫ਼ਸਰਸ਼ਾਹੀ ਨਾਲ ਲਿੰਕ ਕਿਸੇ ਤੋਂ ਲੁਕੇ ਨਹੀਂ ਰਹੇ। ਹੁਣ ਵੇਖਣਾ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਮੇਅਰ ਦੀ ਚੋਣ ਵਿਚ ਕਿੰਨਾ ਸਮਾਂ ਹੋਰ ਲੈਂਦੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ Advisory ਜਾਰੀ, ਬਜ਼ੁਰਗਾਂ ਤੇ ਬੱਚਿਆਂ ਨੂੰ ਚੌਕਸ ਰਹਿਣ ਦੀ ਲੋੜ

3 ਨਾਵਾਂ ਦੀ ਹੀ ਉਡੀਕ, ਸਰਕਾਰੀ ਛੁੱਟੀ ਵਾਲੇ ਦਿਨ ਵੀ ਹੋ ਜਾਵੇਗੀ ਮੀਟਿੰਗ
ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਨਿਗਮ ਨੇ ਟਾਊਨ ਹਾਲ ਵਿਚ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਲਈ ਸਾਰੇ ਪ੍ਰਬੰਧ ਕਰ ਲਏ ਹਨ। ਜੇਕਰ ਵੀਰਵਾਰ ਨੂੰ ‘ਆਪ’ ਲੀਡਰਸ਼ਿਪ ਤਿੰਨੇ ਨਾਂ ਫਾਈਨਲ ਕਰ ਲੈਂਦੀ ਹੈ ਤਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ 72 ਘੰਟੇ ਪਹਿਲਾਂ ਏਜੰਡਾ ਭੇਜ ਕੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਮੀਟਿੰਗ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੇਅਰ ਦੀ ਚੋਣ ਲਈ ਜਲਦਬਾਜ਼ੀ ਇਸ ਲਈ ਵਿਖਾਈ ਜਾ ਰਹੀ ਹੈ ਤਾਂ ਜੋ ਵਿਰੋਧੀ ਧਿਰ ਕਿਤੇ ਐਕਟਿਵ ਹੋ ਕੇ ਕੌਂਸਲਰਾਂ ਨੂੰ ਤੋੜਨ-ਜੋੜਨ ਦਾ ਕੰਮ ਨਾ ਸ਼ੁਰੂ ਕਰ ਦੇਵੇ।

ਇਹ ਵੀ ਪੜ੍ਹੋ-  ਜੇ ਰਾਹ 'ਚ ਲਿਫ਼ਟ ਮੰਗੇ ਔਰਤ ਤਾਂ ਫਿਸਲ ਨਾ ਜਾਇਓ, ਹੋਸ਼ ਉਡਾ ਦੇਵੇਗੀ ਇਹ ਖ਼ਬਰ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News