ਜਲੰਧਰ ਨਗਰ ਨਿਗਮ ਦੇ ਹਾਊਸ ਦੀ ਪਹਿਲੀ ਮੀਟਿੰਗ ’ਚ ਹੱਥ ਖੜ੍ਹੇ ਕਰਕੇ ਹੀ ਹੋਵੇਗੀ ਮੇਅਰ ਦੀ ਚੋਣ

Friday, Jan 03, 2025 - 11:19 AM (IST)

ਜਲੰਧਰ ਨਗਰ ਨਿਗਮ ਦੇ ਹਾਊਸ ਦੀ ਪਹਿਲੀ ਮੀਟਿੰਗ ’ਚ ਹੱਥ ਖੜ੍ਹੇ ਕਰਕੇ ਹੀ ਹੋਵੇਗੀ ਮੇਅਰ ਦੀ ਚੋਣ

ਜਲੰਧਰ (ਅਸ਼ਵਨੀ ਖੁਰਾਣਾ)–ਨਗਰ ਨਿਗਮ ਜਲੰਧਰ ਦੀਆਂ ਚੋਣਾਂ ਨੂੰ ਸਮਾਪਤ ਹੋਇਆਂ 10 ਦਿਨ ਬੀਤ ਚੁੱਕੇ ਹਨ ਪਰ ਅਜੇ ਤਕ ਜਲੰਧਰ ਦੇ 7ਵੇਂ ਮੇਅਰ ਦਾ ਨਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਫਾਈਨਲ ਨਹੀਂ ਕੀਤਾ ਗਿਆ। ਪਤਾ ਲੱਗਾ ਹੈ ਕਿ ਜਲੰਧਰ ਦੇ ਮੇਅਰ ਨੂੰ ਫਾਈਨਲ ਕਰਨ ਲਈ ਸਥਾਨਕ ਲੀਡਰਸ਼ਿਪ, ਪੰਜਾਬ ਅਤੇ ਦਿੱਲੀ ਯੂਨਿਟ ਵਿਚ ਪਿਛਲੇ ਦਿਨੀਂ ਕਾਫੀ ਮੰਥਨ ਕੀਤਾ ਗਿਆ ਅਤੇ ਇਸ ਸਬੰਧ ਵਿਚ ਹੁਣ ਆਮ ਰਾਏ ਲੱਗਭਗ ਬਣਾਈ ਜਾ ਚੁੱਕੀ ਹੈ।  ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧ ਵਿਚ ਸਾਰਾ ਹੋਮਵਰਕ ਕਰਨ ਤੋਂ ਬਾਅਦ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਜਲਦ ਬੁਲਾ ਲਈ ਜਾਵੇਗੀ ਅਤੇ ਲੋਹੜੀ ਤੋਂ ਪਹਿਲਾਂ-ਪਹਿਲਾਂ ਜਲੰਧਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪੂਰੀ ਕਰ ਲਈ ਜਾਵੇਗੀ।

ਇਹ ਵੀ ਪੜ੍ਹੋ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ 'ਚ ਸਜਿਆ ਨਗਰ ਕੀਰਤਨ, ਵੇਖੋ ਅਲੌਕਿਕ ਤਸਵੀਰਾਂ

ਮੰਨਿਆ ਜਾ ਰਿਹਾ ਹੈ ਕਿ ਮੇਅਰ ਦਾ ਅਹੁਦਾ ਜਿੱਥੇ ਸਾਫ਼ ਅਕਸ ਵਾਲੇ ਕੌਂਸਲਰ ਨੂੰ ਦਿੱਤਾ ਜਾ ਰਿਹਾ ਹੈ, ਉਥੇ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਪੋਸਟ ਲਈ ਮਹਿਲਾ, ਦਲਿਤ ਅਤੇ ਸਿੱਖ ਚਿਹਰੇ ’ਤੇ ਆਧਾਰਿਤ ਸਮੀਕਰਨ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇਕ ਗੱਲ ਪੱਕੀ ਹੈ ਕਿ ਜਲੰਧਰ ਦੇ ਨਵੇਂ ਮੇਅਰ ਦੀ ਚੋਣ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਵਿਚ ਹੀ ਹੋਵੇਗੀ ਅਤੇ ਉਹ ਵੀ ਹੱਥ ਖੜ੍ਹੇ ਕਰਕੇ। ਤੈਅਸ਼ੁਦਾ ਪ੍ਰਕਿਰਿਆ ਅਨੁਸਾਰ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਵੱਲੋਂ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਬੁਲਾਈ ਜਾਵੇਗੀ ਅਤੇ ਉਨ੍ਹਾਂ ਦੀ ਪ੍ਰਧਾਨਗੀ ਵਿਚ ਚੱਲ ਰਹੀ ਮੀਟਿੰਗ ਦੌਰਾਨ ਸੱਤਾ ਧਿਰਦਾ ਇਕ ਸੀਨੀਅਰ ਕੌਂਸਲਰ ਮੇਅਰ ਦਾ ਨਾਂ ਪ੍ਰਪੋਜ਼ ਕਰੇਗਾ। ਬਾਕੀ ਕੌਂਸਲਰਾਂ ਵੱਲੋਂ ਉਸ ਨਾਂ ਨੂੰ ਸੈਕਿੰਡ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਬਸੰਮਤੀ ਨਾਲ ਮੇਅਰ ਦੀ ਚੋਣ ਮੁਕੰਮਲ ਹੋ ਸਕਦੀ ਹੈ ਕਿਉਂਕਿ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਕੋਲ ਜਲੰਧਰ ਨਿਗਮ ਵਿਚ ਇਸ ਸਮੇਂ ਪੂਰਨ ਬਹੁਮਤ ਹੈ, ਇਸ ਲਈ ਮੇਅਰ ਦੀ ਚੋਣ ਵਿਚ ਸੱਤਾ ਧਿਰ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਲਈ ਰਾਹਤ ਦੀ ਦੂਜੀ ਵੱਡੀ ਗੱਲ ਇਹ ਹੈ ਕਿ ਹਾਊਸ ਦੇ ਸਦਨ ਵਿਚ ਮੇਅਰ ਦੀ ਚੋਣ ਸਾਰੇ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰ ਕੇ ਦਿੱਤੀ ਗਈ ਸਹਿਮਤੀ ਦੇ ਆਧਾਰ ’ਤੇ ਹੀ ਹੋਵੇਗੀ। ਜੇਕਰ ਨੌਬਤ ਆਈ ਤਾਂ ਇਸ ਪ੍ਰਕਿਰਿਆ ਨੂੰ ਹੀ ਵੋਟਿੰਗ ਮੰਨਿਆ ਜਾਵੇਗਾ ਕਿਉਂਕਿ ਅਜੇ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਅੱਧੇ ਤੋਂ ਵੱਧ ਕਾਰਜਕਾਲ ਬਾਕੀ ਪਿਆ ਹੈ ਅਤੇ ਇਹ ਪਾਰਟੀ ਅਨੁਸ਼ਾਸਨ ਲਈ ਵੀ ਜਾਣੀ ਜਾਂਦੀ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੱਥ ਖੜ੍ਹੇ ਕਰਨ ਦੀ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਤੋਂ ਜਿੱਤਿਆ ਕੋਈ ਕੌਂਸਲਰ ਜਾਂ ਇਸ ਪਾਰਟੀ ਵਿਚ ਸ਼ਾਮਲ ਹੋਇਆ ਕੋਈ ਕੌਂਸਲਰ ਹਾਊਸ ਵਿਚ ਬਗਾਵਤ ਕਰਨ ਦੀ ਹਿੰਮਤ ਨਹੀਂ ਕਰੇਗਾ।

ਇਹ ਵੀ ਪੜ੍ਹੋ- ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, 24 ਘੰਟਿਆਂ 'ਚ ਤੋੜਿਆ ਦਮ

ਪਹਿਲੇ 2 ਮੇਅਰਾਂ ਦੀ ਚੋਣ ਸਮੇਂ ਸੀਕ੍ਰੇਟ ਬੈਲੇਟ ਸਿਸਟਮ ਸੀ ਲਾਗੂ, ਉਸ ਤੋਂ ਬਾਅਦ ਸਾਰੇ ਹੱਥ ਖੜ੍ਹੇ ਕਰਕੇ ਹੀ ਚੁਣੇ ਗਏ
ਨਗਰ ਨਿਗਮ ਅਤੇ ਕੌਂਸਲਰ ਹਾਊਸ ਦੇ ਸੰਚਾਲਨ ਲਈ ਜਿਥੇ ਨਿਗਮ ਐਕਟ ਬਣਿਆ ਹੋਇਆ ਹੈ, ਉਥੇ ਹੀ ਸਰਕਾਰੀ ਤੌਰ ’ਤੇ ਕਈ ਨਿਯਮ ਵੀ ਤੈਅ ਹਨ। ਜਲੰਧਰ ਨਿਗਮ ਦਾ ਗਠਨ 1991 ਵਿਚ ਹੋਇਆ ਸੀ ਅਤੇ ਉਦੋਂ ਜੈਕਿਸ਼ਨ ਸੈਣੀ ਪਹਿਲੇ ਮੇਅਰ ਬਣੇ ਸਨ। ਉਸ ਤੋਂ ਬਾਅਦ ਭਾਜਪਾ ਦੇ ਸੁਰੇਸ਼ ਸਹਿਗਲ ਸ਼ਹਿਰ ਦੇ ਦੂਜੇ ਮੇਅਰ ਚੁਣੇ ਗਏ। ਇਨ੍ਹਾਂ ਦੋਵਾਂ ਮੇਅਰਾਂ ਦੇ ਕਾਰਜਕਾਲ ਦੌਰਾਨ ਸੀਕ੍ਰੇਟ ਬੈਲੇਟ ਜ਼ਰੀਏ ਹਾਊਸ ਵਿਚ ਵੋਟਿੰਗ ਦੀ ਪ੍ਰਥਾ ਸੀ ਅਤੇ ਉਸ ਸਬੰਧੀ ਨਿਯਮ ਬਣੇ ਹੋਏ ਸਨ।
ਬਾਅਦ ਵਿਚ ਸਰਕਾਰ ਨੇ ਇਨ੍ਹਾਂ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਅਤੇ ਹਾਊਸ ਵਿਚ ਹੱਥ ਖੜ੍ਹੇ ਕਰ ਕੇ ਮੇਅਰਾਂ ਦੀ ਚੋਣ ਸਬੰਧੀ ਨਵੇਂ ਨਿਯਮ ਬਣਾ ਦਿੱਤੇ ਗਏ। ਉਸ ਤੋਂ ਬਾਅਦ ਮੇਅਰ ਬਣੇ ਸੁਰਿੰਦਰ ਮਹੇ, ਰਾਕੇਸ਼ ਰਾਠੌਰ, ਸੁਨੀਲ ਜੋਤੀ ਅਤੇ ਜਗਦੀਸ਼ ਰਾਜਾ ਦੀ ਚੋਣ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰਨ ਨਾਲ ਹੀ ਹੋਈ। ਇਸ ਵਾਰ ਵੀ ਨਵਾਂ ਮੇਅਰ ਹੱਥ ਖੜ੍ਹੇ ਕਰ ਕੇ ਹੀ ਚੁਣਿਆ ਜਾਵੇਗਾ।

ਸੀਕ੍ਰੇਟ ਬੈਲੇਟ ਨਾਲ ਚੋਣ ਹੋਵੇ ਤਾਂ ਬਾਜ਼ੀ ਮਾਰ ਸਕਦੇ ਹਨ ਕੁਝ ਕਾਂਗਰਸੀ
ਸ਼ਹਿਰ ਵਿਚ ਆਮ ਚਰਚਾ ਹੈ ਕਿ ਜੇਕਰ ਸਦਨ ਵਿਚ ਹੱਥ ਖੜ੍ਹੇ ਕਰਨ ਦੀ ਬਜਾਏ ਪੁਰਾਣੇ ਸਿਸਟਮ ਭਾਵ ਸੀਕ੍ਰੇਟ ਬੈਲੇਟ ਨਾਲ ਚੋਣ ਹੋਵੇ ਤਾਂ ਮੇਅਰ, ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਦੀ ਚੋਣ ਵਿਚ ਕੁਝ ਕਾਂਗਰਸੀ ਵੀ ਹੱਥ ਮਾਰ ਸਕਦੇ ਹਨ ਅਤੇ ਬਾਜ਼ੀ ਵੀ ਪਲਟ ਸਕਦੀ ਹੈ। ਉਦਾਹਰਣ ਦੇ ਤੌਰ ’ਤੇ ਕਾਂਗਰਸ ਦੀ ਟਿਕਟ ’ਤੇ ਜਿੱਤੀ ਕੌਂਸਲਰ ਹਰਸ਼ਰਨ ਕੌਰ ਹੈਪੀ ਦੀ ਹੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਭਾਪਾ ਦੇ ਲਿੰਕ ਸੁਸ਼ੀਲ ਰਿੰਕੂ ਅਤੇ ਹੋਰਨਾਂ ਦੀ ਬਦੌਲਤ ਨਾ ਸਿਰਫ ਭਾਜਪਾ, ਸਗੋਂ ਆਮ ਆਦਮੀ ਪਾਰਟੀ ਵਿਚ ਵੀ ਕਾਫੀ ਜ਼ਿਆਦਾ ਹਨ।

‘ਆਪ’ ਵੱਲੋਂ ਮੇਅਰ ਦੀ ਚੋਣ ਵਾਸਤੇ ਜੋੜ-ਤੋੜ ਕਰ ਰਹੇ ਇਕ ਖੇਡ ਕਾਰੋਬਾਰੀ (ਜਿਸ ਨੂੰ ਕਿੰਗ ਮੇਕਰ ਵੀ ਕਿਹਾ ਜਾ ਰਿਹਾ ਹੈ) ਪਿਛਲੇ ਲੰਮੇ ਸਮੇਂ ਤੋਂ ਨਾ ਸਿਰਫ ਸੁਰਿੰਦਰ ਭਾਪਾ ਦੇ ਸਿੱਧੇ ਸੰਪਰਕ ਵਿਚ ਹੈ, ਸਗੋਂ ‘ਆਪ’ ਦੀ ਟਿਕਟ ’ਤੇ ਜਿੱਤੇ ਕਈ ਕੌਂਸਲਰ ਵੀ ਉਨ੍ਹਾਂ ਦੀ ਰਿਸ਼ਤੇਦਾਰੀ ਜਾਂ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਵਿਚ ਹਨ। ਅਜਿਹੀ ਸਥਿਤੀ ਵਿਚ ਕਾਂਗਰਸ ਹਰਸ਼ਰਨ ਕੌਰ ਹੈਪੀ ਵਰਗੇ ਚਿਹਰਿਆਂ ਨੂੰ ਖੜ੍ਹਾ ਕਰ ਕੇ ‘ਆਪ’ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੀਕ੍ਰੇਟ ਬੈਲੇਟ ਨਾਲ ਚੋਣ ਹੁੰਦੀ ਹੈ ਤਾਂ ਕੁਝ ਅਹੁਦਿਆਂ ਲਈ ਆਮ ਆਦਮੀ ਪਾਰਟੀ ਵਿਚ ਅੰਦਰੂਨੀ ਫੁੱਟ ਪੈ ਸਕਦੀ ਹੈ। ਇਸ ਕਰਾਸ ਵੋਟਿੰਗ ਦਾ ਫਾਇਦਾ ਵਿਰੋਧੀ ਉਮੀਦਵਾਰ ਨੂੰ ਸਿੱਧੇ ਰੂਪ ਨਾਲ ਹੋ ਸਕਦਾ ਹੈ। ਅਜਿਹੀ ਕਰਾਸ ਵੋਟਿੰਗ ਸੁਰੇਸ਼ ਸਹਿਗਲ ਦੀ ਚੋਣ ਦੌਰਾਨ ਹੋਈ ਵੀ ਸੀ। ਇਸ ਵਾਰ ਵੀ ਦੇਖਣਾ ਹੋਵੇਗਾ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਵਿਰੋਧੀ ਧਿਰ ਆਪਣੇ ਉਮੀਦਵਾਰ ਖੜ੍ਹੇ ਕਰਦੀ ਹੈ ਜਾਂ ਇਹ ਚੋਣ ਸਰਬਸੰਮਤੀ ਨਾਲ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ, ਤਿੰਨ ਦਿਨ ਹੋਵੇਗਾ ਚੱਕਾ ਜਾਮ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News