ਜਲੰਧਰ: ਸਾਬਕਾ ਇੰਸਪੈਕਟਰ ਦੇ ਪੁੱਤਰ ਦੀ ਗੁੰਡਾਗਰਦੀ, ਪੁਰਾਣੀ ਰੰਜਿਸ਼ ਤਹਿਤ ਕੀਤਾ ਇਹ ਕਾਰਾ
Thursday, Oct 08, 2020 - 10:41 AM (IST)
ਜਲੰਧਰ (ਮਾਹੀ, ਸੋਨੂੰ)— ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ ਕੁੰਜ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਹਾਤੀ ਦੇ ਨਵੇਂ ਐੱਸ. ਐੱਸ. ਪੀ. ਦਾ ਅਹੁਦਾ ਸੰਭਾਲਣ ਤੋਂ 4 ਦਿਨ ਬਾਅਦ ਹੀ ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਜਲੰਧਰ ਕੁੰਜ 'ਚ ਪੁਰਾਣੀ ਰੰਜਿਸ਼ ਕਾਰਨ ਇਕ ਧਿਰ ਨੇ ਦੂਜੀ ਧਿਰ 'ਤੇ ਗੋਲੀ ਨਾਲ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਰਹੀ ਕਿ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਗੋਲੀ ਚਲਾਉਣ ਵਾਲਾ ਸਾਬਕਾ ਸਬ-ਇੰਸਪੈਕਟਰ ਦਾ ਬੇਟਾ ਦੱਸਿਆ ਜਾ ਰਿਹਾ ਹੈ, ਜਿਸ ਦਾ ਪ੍ਰਾਪਰਟੀ ਕਾਰੋਬਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੀੜਤ ਵਿਅਕਤੀ ਵਿਸ਼ਨੂੰ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਗੱਡੀ 'ਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਸਾਬਕਾ ਇੰਸਪੈਕਟਰ ਦੇ ਪੁੱਤਰ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਗਈ।
ਸਬ-ਇੰਸਪੈਕਟਰ ਦੇ ਬੇਟੇ ਇੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਲੰਧਰ ਕੁੰਜ ਨੇ ਪ੍ਰਾਪਰਟੀ ਕਾਰੋਬਾਰੀ 'ਤੇ ਪੁਰਾਣੀ ਰੰਜਿਸ਼ ਕਾਰਨ ਗੋਲੀ ਚਲਾਈ ਗਈ, ਜਿਸ 'ਚ ਵਿਸ਼ਨੂੰ ਕਾਂਤ ਕੰਬੋਜ ਪੁੱਤਰ ਰਵੀ ਕਾਂਤ ਕੰਬੋਜ ਵਾਸੀ ਜਲੰਧਰ ਕੁੰਜ ਅਤੇ ਉਸ ਦੇ ਸਾਥੀ ਰਮਨ ਕੁਮਾਰ ਵਾਲ-ਵਾਲ ਬਚੇ। ਗੋਲੀ ਗੱਡੀ ਦੇ ਪਿਛਲੇ ਸ਼ੀਸ਼ੇ 'ਚ ਜਾ ਵੱਜੀ, ਜਿਸ ਕਾਰਨ ਗੱਡੀ ਨੁਕਸਾਨੀ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਨੌਜਵਾਨ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਦੋਵਾਂ ਧਿਰਾਂ 'ਚ ਕੁਝ ਵਿਵਾਦ ਹੋ ਗਿਆ ਸੀ, ਜਿਸ ਕਾਰਨ ਬੁੱਧਵਾਰ ਉਸ ਨੇ ਗੋਲੀ ਚਲਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਇੰਚਾਰਜ ਰਾਜੀਵ ਕੁਮਾਰ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਜਾਂਚ ਤੋਂ ਬਾਅਦ ਦੇਰ ਰਾਤ ਇੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ 'ਤੇ ਕੇਸ ਦਰਜ ਕਰ ਲਿਆ ਹੈ। ਇੰਦਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ।