ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਦੇ ਮਰੀਜ਼ਾਂ ਨੂੰ ਦਿੱਤੀ ਇਹ ਖ਼ਾਸ ਸਹੂਲਤ

Saturday, May 29, 2021 - 04:59 PM (IST)

ਜਲੰਧਰ (ਚੋਪੜਾ)– ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਹੁਣ ਤੱਕ ਕੋਰੋਨਾ ਮਰੀਜ਼ਾਂ ਨੂੰ 85 ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ ਹਨ, ਜਿਨ੍ਹਾਂ ਨੂੰ ਕੋਵਿਡ-19 ਇਲਾਜ ਉਪਰੰਤ ਹਸਪਤਾਲਾਂ ਤੋਂ ਡਿਸਚਾਰਜ ਹੋਣ ਤੋਂ ਡਾਕਟਰ ਦੀ ਸਲਾਹ ’ਤੇ ਘਰ ਵਿਚ ਆਕਸੀਜਨ ਦੇ ਸਹਾਰੇ ਦੀ ਲੋੜ ਸੀ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕੋਵਿਡ-19 ਦੇ ਮਾਮਲਿਆਂ ’ਚ ਵਾਧਾ ਹੋਣ ਅਤੇ ਪ੍ਰਭਾਵਿਤ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਦੀ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਸਾਂਝੀ ਕੋਸ਼ਿਸ਼ ਕਰਦਿਆਂ ਸਥਾਨਕ ਰੈੱਡ ਕਰਾਸ ਭਵਨ ਵਿਚ ਆਕਸੀਜਨ ਕੰਸਨਟ੍ਰੇਟਰ ਬੈਂਕ ਸਥਾਪਤ ਕੀਤਾ, ਜਿਸ ਬੈਂਕ ਜ਼ਰੀਏ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰ ਮਸ਼ੀਨ ਸਿਰਫ਼ 5 ਹਜ਼ਾਰ ਰੁਪਏ ਵਾਪਸੀਯੋਗ ਸਕਿਓਰਿਟੀ ਅਤੇ 200 ਰੁਪਏ ਰੋਜ਼ਾਨਾ ਕਿਰਾਏ ’ਤੇ ਮੁਹੱਈਆ ਕਰਵਾਈ ਜਾਂਦੀ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼

ਘਨਸ਼ਾਮ ਥੋਰੀ ਨੇ ਦੱਸਿਆ ਕਿ ਆਕਸੀਜਨ ਕੰਸਨਟ੍ਰੇਟਰ ਬੈਂਕ ਵਿਚੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਅੱਜ ਤੱਕ 85 ਆਕਸੀਜਨ ਕੰਸਨਟ੍ਰੇਟਰ ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਵਿਚ ਕਿਸੇ ਵੀ ਮਰੀਜ਼ ਨੂੰ ਹੁਣ ਤੱਕ ਕੋਈ ਮੁਸ਼ਕਿਲ ਨਹੀਂ ਆਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਨਜ਼ਦੀਕੀ ਜ਼ਿਲ੍ਹਿਆਂ ਦੇ ਦਾਖ਼ਲ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਸਹਾਇਤਾ ਦੇਣ ਲਈ ਆਕਸੀਜਨ ਬੈਂਕ ਦੇ ਦਾਇਰੇ ਨੂੰ ਵੀ ਵਧਾਇਆ ਗਿਆ ਹੈ, ਜਿਸ ਅਧੀਨ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਮਰੀਜ਼ ਜਿਹੜੇ ਜਲੰਧਰ ਵਿਚ ਦਾਖ਼ਲ ਹਨ ਅਤੇ ਹਸਪਤਾਲ ਤੋਂ ਛੁੱਟੀ ਸਮੇਂ ਜਿਨ੍ਹਾਂ ਕੋਲ ਆਕਸੀਜਨ ਦੀ ਲੋੜ ਸਬੰਧੀ ਸਲਿੱਪ ਹੋਵੇਗੀ, ਉਨ੍ਹਾਂ ਨੂੰ ਵੀ ਆਕਸੀਜਨ ਕੰਸਨਟ੍ਰੇਟਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਉਨ੍ਹਾਂ ਕਿਹਾ ਕਿ ਇਹ ਕੰਸਨਟ੍ਰੇਟਰ ਘਰ ਵਿਚ ਇਕਾਂਤਵਾਸ ਕਰ ਰਹੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਸਹਾਇਕ ਸਿੱਧ ਹੋ ਰਹੇ ਹਨ। ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਮਰੀਜ਼ ਕੰਸਨਟ੍ਰੇਟਰ ਲਈ ਉਨ੍ਹਾਂ ਦੇ ਮੋਬਾਇਲ ਨੰਬਰ 98765-02613 ’ਤੇ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਇਕ ਮਾਨੀਟਰਿੰਗ ਟੀਮ ਵੀ ਬਣਾਈ ਹੈ, ਜਿਹੜੀ ਸਮੇਂ-ਸਮੇਂ ’ਤੇ ਮਰੀਜ਼ਾਂ ਦੇ ਘਰਾਂ ਵਿਚ ਜਾ ਕੇ ਚੈਕਿੰਗ ਕਰਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਦੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News